ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਅਮਿਤ ਪੰਘਾਲ ਅਤੇ ਪੂਜਾ ਰਾਣੀ ਨੇ ਜਿੱਤੇ ਸੋਨ ਤਮਗ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋ ਭਾਰਤੀ ਮੁੱਕੇਬਾਜ਼ਾਂ ਨੇ ਚਾਂਦੀ 'ਤੇ ਕੀਤਾ ਕਬਜ਼ਾ

Amit Panghal and Pooja Rani win gold at Asian Boxing Championships

ਬੈਂਕਾਕ : ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ੁਕਰਵਾਰ ਨੂੰ ਭਾਰਤ ਦੇ ਦੋ ਖਿਡਾਰੀਆਂ ਨੇ ਸੋਨ ਤਮਗ਼ੇ ਜਿੱਤੇ। ਦੇਸ਼ ਲਈ ਪਹਿਲਾ ਸੋਨ ਤਮਗ਼ਾ ਅਮਿਤ ਪੰਘਾਲ ਨੇ ਜਿੱਤਿਆ। ਦੂਜਾ ਤਮਗ਼ਾ ਪੂਜਾ ਰਾਣੀ ਦੇ ਜਿੱਤਿਆ। ਭਾਰਤ ਨੇ ਪਹਿਲੀ ਵਾਰ ਮਰਦ ਅਤੇ ਔਰਤਾਂ ਲਈ ਇਕੱਠੇ ਆਯੋਜਿਤ ਇਸ ਮੁਕਾਬਲੇ 'ਚ 13 ਮੈਡਲ ਜਿੱਤੇ। 7 ਤਮਗ਼ੇ ਭਾਰਤੀ ਮਰਦ ਮੁੱਕੇਬਾਜ਼ਾਂ ਅਤੇ 6 ਤਮਗ਼ੇ ਮਹਿਲਾ ਮੁੱਕੇਬਾਜ਼ਾਂ ਨੇ ਜਿੱਤੇ। ਸਾਲ 2017 'ਚ ਭਾਰਤ ਨੇ 1 ਸੋਨੇ ਸਮੇਤ 11 ਤਮਗ਼ੇ ਜਿੱਤੇ ਸਨ।

ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਲਗਾਤਾਰ ਦੂਜਾ ਸੋਨ ਤਮਗ਼ਾ ਜਿੱਤਿਆ, ਜਦਕਿ ਦੋ ਹੋਰਨਾਂ ਨੂੰ ਚਾਂਦੀ ਦੇ ਤਮਗੇ ਮਿਲੇ। ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਪੰਘਾਲ ਨੇ ਕੋਰੀਆ ਦੇ ਕਿਮ ਇੰਕਿਊ ਨੂੰ 5-0 ਨਾਲ ਹਰਾਇਆ। ਪੰਘਾਲ ਨੇ ਬੁਲਗਾਰੀਆ ਦੇ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਵੀ ਸੋਨ ਤਮਗਾ ਜਿੱਤਿਆ ਸੀ।

ਇਸ ਸਾਲ ਦੀ ਸ਼ੁਰੂਆਤ 'ਚ 49 ਕਿਲੋ ਤੋਂ 52 ਕਿਲੋ 'ਚ ਆਉਣ ਦੇ ਬਾਅਦ ਪੰਘਾਲ ਦਾ ਇਹ ਪਹਿਲਾ ਟੂਰਨਾਮੈਂਟ ਹੈ। ਉਨ੍ਹਾਂ ਨੇ 2015 'ਚ ਕਾਂਸੀ ਤਮਗਾ ਜਿੱਤਿਆ ਸੀ। ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿਲੋ) ਅਤੇ ਕਵਿੰਦਰ ਬਿਸ਼ਟ (56 ਕਿਲੋ) ਨੂੰ ਚਾਂਦੀ ਦੇ ਤਮਗੇ ਮਿਲੇ। ਪੰਘਾਲ ਨੇ ਹਮਲਾਵਰ ਅੰਦਾਜ਼ 'ਚ ਖੇਡਣਾ ਸ਼ੁਰੂ ਕੀਤਾ ਅਤੇ ਵਿਰੋਧੀ ਕੋਲ ਉਨ੍ਹਾਂ ਦੇ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ। 

ਉਧਰ ਪੂਜਾ ਰਾਣੀ ਨੇ 81 ਕਿਲੋਗ੍ਰਾਮ ਭਾਰ ਵਰਗ 'ਚ ਚੀਨ ਦੀ ਵਾਂਗ ਲਿਨਾ ਨੂੰ ਹਰਾ ਕੇ ਸੋਨ ਤਮਗ਼ਾ ਫੁੰਡਿਆ। ਪੂਜਾ ਨੇ ਸਾਲ 2012 'ਚ ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਪੂਜਾ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਮਿਡਲਵੇਟ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।

64 ਕਿਲੋਗ੍ਰਾਮ ਭਾਰ ਵਰਗ ਦੇ ਫ਼ਾਈਨਲ 'ਚ ਸਿਮਰਨਜੀਤ ਕੌਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਵਿਸ਼ਵ ਚੈਂਪੀਅਨ ਚੀਨ ਦੀ ਡੋਉ ਡਾਨ ਨੇ ਹਰਾਇਆ। ਸਿਮਰਨਜੀਤ ਕੌਰ ਨੂੰ ਚਾਂਦੀ ਦਾ ਤਮਗ਼ਾ ਮਿਲਿਆ। ਡੋਉ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ 'ਚ ਵੀ ਸਿਮਰਨਜੀਤ ਨੂੰ ਹਰਾਇਆ ਸੀ।