ਵਿਸ਼ਵ ਕੱਪ ਵਿਚ ਪਾਕਿਸਤਾਨ ਦੇ 'ਟਰੰਪ ਕਾਰਡ' ਹੋਣਗੇ ਫਖ਼ਰ ਜ਼ਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਵਿਰੁਧ ਚੈਂਪੀਅਨਜ਼ ਟਰਾਫ਼ੀ ਫ਼ਾਈਨਲ ਵਿਚ ਫਖ਼ਰ ਜ਼ਮਾਂ ਨੇ ਲਗਾਇਆ ਸੀ ਸੈਂਕੜਾ

Fakhar Zaman is Pakistan's top destructor

ਕਰਾਚੀ : ਦੋ ਸਾਲ ਪਹਿਲਾਂ ਭਾਰਤ ਵਿਰੁਧ ਚੈਂਪੀਅਨਜ਼ ਟਰਾਫ਼ੀ ਫ਼ਾਈਨਲ ਵਿਚ ਜਸਪ੍ਰੀਤ ਬੁਮਰਾਹ ਦੀ ਨੋ ਬਾਲ ਤੋਂ ਬਚੇ ਫਖ਼ਰ ਜ਼ਮਾਂ ਸੈਂਕੜਾ ਲਗਾ ਕੇ ਪਾਕਿਸਤਾਨ ਕ੍ਰਿਕਟ ਦੇ ਨੂਰੇ-ਨਜ਼ਰ ਬਣ ਗਏ ਅਤੇ ਹੁਣ ਨੇਵੀ ਤੋਂ ਕ੍ਰਿਕਟ 'ਚ ਆਏ ਇਸ ਬੱਲੇਬਾਜ਼ੇ ਸਾਹਮਣੇ ਵਿਸ਼ਵ ਕੱਪ ਦੇ ਰੂਪ 'ਚ ਅਪਣੇ ਕਰੀਅਰ ਦੀ ਸਭ ਤੋਂ ਵੱਡੀ ਚੁਨੌਤੀ ਹੈ। ਚੈਂਪੀਅਨਜ਼ ਟਰਾਫ਼ੀ 2017 ਦੇ ਫ਼ਾਈਨਲ 'ਚ ਬੁਮਰਾਹ ਦੀ ਗੇਂਦ 'ਤੇ ਜ਼ਮਾਂ ਨੇ ਵਿਕਟ ਦੇ ਪਿੱਛੇ ਮਹਿੰਦਰ ਸਿੰਘ ਧੋਨੀ ਨੂੰ ਕੈਚ ਦੇ ਦਿਤਾ। ਬੁਮਰਾਹ ਹਾਲਾਂਕਿ ਗੇਂਦ ਸੁਟਦੇ ਸਮੇਂ ਕ੍ਰੀਜ਼ ਤੋਂ ਬਾਹਰ ਚਲੇ ਗਏ ਸਨ ਅਤੇ ਉਸ ਸਮੇਂ ਤਿੰਨ ਦੌੜਾਂ 'ਤੇ ਖੇਡ ਰਹੇ ਜ਼ਮਾਂ ਨੂੰ ਜੀਵਨਦਾਨ ਮਿਲ ਗਿਆ ਅਤੇ ਉਸ ਨੇ ਕੌਮਾਂਤਰੀ ਇਕ ਦਿਨਾਂ ਕ੍ਰਿਕਟ 'ਚ ਪਹਿਲਾ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਉਸ ਤੋਂ ਬਾਅਦ ਉਹ ਪਾਕਿਸਤਾਨੀ ਬੱਲੇਬਾਜ਼ੀ ਦੀ ਧੁਰੀ ਬਣੇ ਹੋਏ ਹਨ।

ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਉਨ੍ਹਾਂ ਤੋਂ ਇਕ ਵਾਰ ਫਿਰ ਤੋਂ ਇਸ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਫਖ਼ਰ ਨੇ ਕਿਹਾ, ''ਮੈਂ ਉਸ ਨੋਬਾਲ ਨਾਲ ਸਟਾਰ ਬਣ ਗਿਆ। ਮੈਂ ਫ਼ਾਈਨਲ ਤੋਂ ਪਹਿਲਾਂ ਸੁਫ਼ਨਾ ਦੇਖਿਆ ਸੀ ਕਿ ਮੈਂ ਨੋਬਾਲ 'ਤੇ ਆਊਟ ਹੋ ਗਿਆ ਹਾਂ ਅਤੇ ਇਹ ਸਹੀ ਹੋਇਆ।'' ਉਨ੍ਹਾਂ ਕਿਹਾ, ''ਮੈਂ ਸ਼ੁਰੂਆਤ ਵਿਚ ਦੁਖੀ ਸੀ ਕਿਉਂਕਿ ਮੈਂ ਅਪਣੇ ਮਾਤਾ-ਪਿਤਾ ਨਾਲ ਮੈਚ 'ਚ ਚੰਗੇ ਪ੍ਰਦਰਸ਼ਨ ਦਾ ਵਾਅਦਾ ਕੀਤਾ ਸੀ।''

ਉਨ੍ਹਾਂ ਹਾਲਾਂਕਿ ਕਿਹਾ ਕਿ ਸ਼ੋਹਰਤ ਨਾਲ ਉਨ੍ਹਾਂ ਦੇ ਕਦਮ ਨਹੀਂ ਭਟਕੇ ਹਨ ਅਤੇ ਉਨ੍ਹਾਂ ਦਾ ਟੀਚਾ ਪਾਕਿ ਨੂੰ 1992 ਦੇ ਬਾਅਦ ਪਹਿਲਾ ਵਿਸ਼ਵ ਕੱਪ ਦਿਵਾਉਣਾ ਹੈ। ਚੈਂਪੀਅਨਜ਼ ਟਰਾਫ਼ੀ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਸ਼ਰਜੀਲ ਟੀਮ ਤੋਂ ਬਾਹਰ ਹੋਏ ਸਨ ਅਤੇ ਫਖ਼ਰ ਨੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਅਪਣੀ ਛਾਪ ਛੱਡੀ। ਨੇਵੀ ਨਾਲ ਜੁੜੇ ਹੋਣ ਕਾਰਨ ਟੀਮ 'ਚ 'ਸੋਲਜਰ' ਦੇ ਨਾਂ ਨਾਲ ਮਸ਼ਹੂਰ ਫਖ਼ਰ ਨੇ ਪਿਛਲੇ ਸਾਲ ਜ਼ਿੰਬਾਬਵੇ ਵਿਰੁਧ ਦੋਹਰਾ ਸੈਂਕੜਾ ਜਮਾਇਆ। ਉਸ ਨੇ ਕਿਹਾ, ''ਮੇਰਾ ਕੰਮ ਦੌੜਾਂ ਬਣਾਉਣਾ ਹੈ ਅਤੇ ਮੈਂ ਉਹ ਕਰ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮਿਹਨਤ ਰੰਗ ਜ਼ਰੂਰ ਲਿਆਵੇਗੀ।