ਅੱਠਵੇਂ ਦਿਨ ਭਾਰਤ ਨੇ ਜਿੱਤੇ ਸੱਤ ਤਮਗ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

18ਵੀਆਂ ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ ਸੱਤ ਤਮਗ਼ੇ ਅਪਣੇ ਨਾਮ ਕੀਤੇ..........

Hima Das

ਜਕਾਰਤਾ: 18ਵੀਆਂ ਏਸ਼ੀਆਈ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ ਸੱਤ ਤਮਗ਼ੇ ਅਪਣੇ ਨਾਮ ਕੀਤੇ। ਇਨ੍ਹਾਂ 'ਚੋਂ ਪੰਜ ਚਾਂਦੀ ਅਤੇ ਤਿੰਨ ਕਾਂਸੀ ਦੇ ਹਨ। 100 ਮੀਟਰ ਮਹਿਲਾ ਰੇਸ 'ਚ ਦੁਤੀ ਚੰਦ ਨੇ ਭਾਰਤ ਨੂੰ ਚਾਂਦੀ ਦਾ ਤਮਗ਼ਾ ਦਿਵਾਇਆ। ਇਸ ਤੋਂ ਇਲਾਵਾ ਘੋੜਸਵਾਰੀ 'ਚ ਦੋ ਅਤੇ 400 ਮੀਟਰ ਰੇਸ 'ਚ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਦੋ ਚਾਂਦੀ ਦੇ ਤਮਗ਼ੇ ਜਿੱਤੇ। ਉਥੇ ਹੀ ਬਿਜ 'ਚ ਦੋ ਕਾਂਸੀ ਦੇ ਤਮਗ਼ੇ ਆਏ। ਦੁਤੀ ਨੇ 11.32 ਸੈਕਿੰਡ ਦਾ ਸਮਾਂ ਕਢਿਆ।

ਉਹ ਸੋਨ ਤਮਗ਼ਾ ਜਿੱਤਣ ਵਾਲੀ ਬਹਿਰੀਨ ਦੀ ਇਡੀਡੋਂਗ ਓਡੀਯੋਂਗ (11.30 ਸੈਕਿੰਡ) ਤੋਂ 0.02 ਸੈਕਿੰਡ ਪਿਛੇ ਰਹੀ। 1986 'ਚ ਪੀਟੀ ਊਸ਼ਾ ਨੇ ਭਾਰਤ ਲਈ ਇਸ ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਸ ਤੋਂ ਬਾਅਦ ਦੁਤੀ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਹੈ। ਉਸ ਨੇ ਪੀਟੀ ਊਸ਼ਾ ਦੇ 11.95 ਸੈਕਿੰਡ ਦੇ ਰੀਕਾਰਡ ਨੂੰ ਤੋੜਿਆ ਹੈ। ਇਸ ਤੋਂ ਇਲਾਵਾ ਹਿਮਾ ਦਾਸ 50.79 ਸੈਕਿੰਡ ਨਾਲ ਦੂਜੇ ਸਥਾਨ 'ਤੇ ਰਹੀ। 52.96 ਸੈਕਿੰਡ ਨਾਲ ਨਿਰਮਲਾ ਚੌਥੇ ਸਥਾਨ 'ਤੇ ਰਹੀ।

ਪਹਿਲੇ ਸਥਾਨ 'ਤੇ ਰਹੀ ਬਹਿਰੀਨ ਦੀ ਸਾਲਵਾ ਨਾਸੀਰ ਨੇ 50.09 ਸੈਕਿੰਡ ਦਾ ਸਮਾਂ ਕਢਿਆ। ਇਸ ਤੋਂ ਇਲਾਵਾ 400 ਮੀਟਰ ਰੇਸ 'ਚ ਅਨਸ ਨੇ ਚਾਂਦੀ, ਘੋੜਸਵਾਰੀ 'ਚ ਫ਼ੌਵਾਦ ਮਿਰਜ਼ਾ ਨੇ ਚਾਂਦੀ,  ਬ੍ਰਿਜ ਦੇ ਪੁਰਸ਼ ਟੀਮ ਈਵੈਂਟ ਅਤੇ ਮਿਕਸਡ ਟੀਮ ਈਵੈਂਟ 'ਚ ਭਾਰਤ ਨੇ ਦੋ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ। ਖ਼ਬਰ ਲਿਖੇ ਜਾਣ ਸਮੇਂ ਤਕ ਭਾਰਤ ਕੁਲ 36 ਤਮਗ਼ਿਆਂ ਨਾਲ ਤਮਗ਼ਾ ਲੜੀ 'ਚ ਨੌਵੇਂ ਸਥਾਨ 'ਤੇ ਸੀ।   (ਏਜੰਸੀ)