ਸਵੇਰੇ ਸਵੇਰੇ ਆਈ ਵੱਡੀ ਖਬਰ, ਰਾਜੋਆਣਾ ਨੇ ਲਿਆ ਵੱਡਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜੇਲ੍ਹ ਪ੍ਰਸ਼ਾਸਨ ਨੂੰ ਪਾਈ ਨਵੀਂ ਬਿਪਤਾ !

Balwant Singh

ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਇਲਜ਼ਾਮ ਤਹਿਤ ਪਟਿਆਲਾ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਭੁੱਖ ਹੜਤਾਲ ‘ਤੇ ਬੈਠਣਗੇ। ਦੱਸਿਆ ਜਾ ਰਿਹਾ ਹੈ ਕਿ ਭਾਈ ਰਾਜੋਆਣਾ 1 ਜਨਵਰੀ ਤੋਂ ਭੁੱਖ ਹੜਤਾਲ ਕਰਨਗੇ। ਇਹ ਹੜਤਾਲ ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਮਸਲਿਆਂ ਨੂੰ ਲੈ ਕੇ ਕਰਨਗੇ।

ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਲਮਦੀਪ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਈ ਰਾਜੋਆਣਾ ਇਸ ਤੋਂ ਪਹਿਲਾਂ ਵੀ ਦੋ ਵਾਰ ਭੁੱਖ ਹੜਤਾਲ ‘ਤੇ ਬੈਠ ਚੁੱਕੇ ਹਨ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੀ ਅਪੀਲ ‘ਤੇ ਫੈਸਲਾ ਕਰਵਾਉਣ। ਉਹਨਾਂ ਕਿਹਾ ਕਿ ਅਕਾਲੀ ਦਲ 8 ਸਾਲਾਂ ਤੋਂ ਉਹਨਾਂ ਦੀ ਰਿਹਾਈ ‘ਤੇ ਫੈਸਲਾ ਨਹੀਂ ਕਰਵਾ ਸਕੀ।

ਉਹਨਾਂ ਨੇ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਕਿਹਾ ਕਿ ਜੇਕਰ ਉਹ ਅਪਣੀ ਅਪੀਲ ‘ਤੇ ਫੈਸਲਾ ਨਹੀਂ ਕਰਵਾ ਸਕਦੇ ਤਾਂ ਉਹ ਅਪਣੀ ਅਪੀਲ ਵਾਪਸ ਲੈ ਲੈਣ। ਉਹਨਾਂ ਨੇ ਸਵਾਲ ਕੀਤਾ ਕਿ ਅਕਾਲੀ ਦਲ ਅਤੇ ਐਸਜੀਪੀਸੀ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਸਪੰਰਕ ਕਿਉਂ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਹਨ।

ਕੁਝ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿਚ ਭਾਈ ਰਾਜੋਆਣਾ ਦਾ ਨਾਂਅ ਵੀ ਸ਼ਾਮਲ ਸੀ। ਪਰ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸੈਸ਼ਨ ਦੌਰਾਨ ਅਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ ਨਹੀਂ ਹੋਈ ਹੈ।