ਅਗਲੇ ਸਾਲ ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤ 

ਏਜੰਸੀ

ਖ਼ਬਰਾਂ, ਖੇਡਾਂ

ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਅਤੇ ਮੇਜ਼ਬਾਨ ਭਾਰਤ ਸਮੇਤ 10 ਟੀਮਾਂ ਲੈਣਗੀਆਂ ਹਿੱਸਾ

Representative Image

 

ਨਵੀਂ ਦਿੱਲੀ - ਭਾਰਤ ਅਗਲੇ ਸਾਲ 23 ਜੁਲਾਈ ਤੋਂ 1 ਅਗਸਤ ਤੱਕ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਏਸ਼ਿਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਅਤੇ ਮੇਜ਼ਬਾਨ ਭਾਰਤ ਸਮੇਤ 10 ਟੀਮਾਂ ਹਿੱਸਾ ਲੈਣਗੀਆਂ।

ਹੈਂਡਬਾਲ ਐਸੋਸੀਏਸ਼ਨ ਆਫ਼ ਇੰਡੀਆ (ਐਚ.ਏ.ਆਈ.) ਦੇ ਕਾਰਜਕਾਰੀ ਨਿਰਦੇਸ਼ਕ ਆਨੰਦੇਸ਼ਵਰ ਪਾਂਡੇ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੀਆ ਅਤੇ ਭਾਰਤ ਤੋਂ ਇਲਾਵਾ ਜਾਪਾਨ, ਚੀਨ, ਚੀਨੀ ਤਾਈਪੇ, ਈਰਾਨ, ਬੰਗਲਾਦੇਸ਼, ਹਾਂਗਕਾਂਗ, ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੀਆਂ ਟੀਮਾਂ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ।

ਭਾਰਤ ਨੂੰ ਮੇਜ਼ਬਾਨੀ ਦੇ ਅਧਿਕਾਰ ਸੌਂਪਣ ਦੇ ਸਮਝੌਤੇ 'ਤੇ ਐਚ.ਏ.ਆਈ. ਅਤੇ ਏਸ਼ੀਅਨ ਹੈਂਡਬਾਲ ਫੈਡਰੇਸ਼ਨ (ਏ.ਐਚ.ਐਫ਼.) ਵਿਚਕਾਰ ਅੰਤਰਰਾਸ਼ਟਰੀ ਹੈਂਡਬਾਲ ਫੈਡਰੇਸ਼ਨ (ਆਈ.ਐਚ.ਐਫ਼.) ਦੇ ਉਪ ਪ੍ਰਧਾਨ ਬਦਰ ਮੁਹੰਮਦ ਅਲ ਤੈਯਬ ਅਤੇ ਏ.ਐਚ.ਐਫ਼. ਦੇ ਤਕਨੀਕੀ ਨਿਰਦੇਸ਼ਕ ਤਾਲੇਬ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।

ਆਈ.ਐਚ.ਐਫ਼. ਅਤੇ ਏ.ਐਚ.ਐਫ਼. ਅਧਿਕਾਰੀਆਂ ਨੇ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਵਾਲੇ ਸਥਾਨ 'ਤੇ ਸਹੂਲਤਾਂ ਦਾ ਵੀ ਜਾਇਜ਼ਾ ਲਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀਆਂ ਚੋਟੀ ਦੀਆਂ ਪੰਜ ਟੀਮਾਂ ਵਿਸ਼ਵ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਲਈ ਸਿੱਧੇ ਤੌਰ 'ਤੇ ਕੁਆਲੀਫ਼ਾਈ ਕਰਨਗੀਆਂ।

ਅਲ ਤੈਯਬ ਨੇ ਕਿਹਾ ਕਿ ਅੰਤਰਰਾਸ਼ਟਰੀ ਫ਼ੈਡਰੇਸ਼ਨ ਨੇ ਇੱਕ ਦੇਸ਼-ਇੱਕ ਫ਼ੈਡਰੇਸ਼ਨ ਨਿਯਮ ਤਹਿਤ ਸਿਰਫ਼ ਭਾਰਤ ਦੇ ਐਚ.ਏ.ਆਈ. ਨੂੰ ਮਾਨਤਾ ਦਿੱਤੀ ਹੈ।