ਅਮਰੀਕੀ ਓਪਨ ਫ਼ਾਈਨਲ ਹਾਰਨ ਵਾਲੇ ਰੂਸੀ ਖਿਡਾਰੀ ਤੋਂ ਪ੍ਰਭਾਵਤ ਹੋਏ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਫੇਲ ਨਡਾਲ ਨੇ ਅਮਰੀਕੀ ਓਪਨ ਫ਼ਾਈਨਲ ਵਿਚ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾਇਆ ਸੀ।

PM Narendra Modi lauds Tennis Player Daniil Medvedev's simplicity and maturity

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਉਹ ਅਮਰੀਕੀ ਓਪਨ ਫ਼ਾਈਨਲ ਵਿਚ ਸਪੇਨ ਦੇ ਚੋਟੀ ਦਰਜਾ ਖਿਡਾਰੀ ਰਾਫ਼ੇਲ ਨਡਾਲ ਹੱਥੋਂ ਹਾਰਨ ਤੋਂ ਬਾਅਦ ਰੂਸੀ ਟੈਨਿਸ ਖਿਡਾਰੀ ਡੈਨੀਅਲ ਮੇਦਵੇਦੇਵ ਦੀ ਨਿਮਰਤਾ ਤੋਂ ਕਾਫੀ ਪ੍ਰਭਾਵਤ ਹੋਏ ਹਨ। ਮੇਦਵੇਦੇਵ ਦੀ ਮੈਚ ਤੋਂ ਬਾਅਦ ਪ੍ਰਤੀਕਿਰਿਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੂਸੀ ਖਿਡਾਰੀ ਨੇ ਅਪਣੀ ਸਾਦਗੀ ਅਤੇ ਪਰਿਪੱਕਤਾ ਤੋਂ ਉਨ੍ਹਾਂ ਦਾ ਦਿਲ ਜਿੱਤ ਲਿਆ।

ਮੋਦੀ ਨੇ ਪ੍ਰੋਗਰਾਮ 'ਮਨ ਕੀ ਬਾਤ'  ਵਿਚ ਮੇਦਵੇਦੇਵ ਬਾਰੇ ਗੱਲ ਕਰਦਿਆਂ ਕਿਹਾ ਕਿ ਕੋਈ ਹੋਰ ਹੁੰਦਾ ਤਾਂ ਉਦਾਸ ਅਤੇ ਨਿਰਾਸ਼ ਹੋ ਗਿਆ ਹੁੰਦਾ ਪਰ ਉਸ ਦਾ ਚਿਹਰਾ ਮੁਰਝਾਇਆ ਨਹੀਂ ਸੀ ਸਗੋਂ ਉਸ ਨੇ ਅਪਣੀ ਗੱਲ ਨਾਲ ਸਭ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ। ਉਸ ਦੀ ਨਿਮਰਤਾ, ਸਾਦਗੀ ਅਤੇ ਸਹੀ ਅਰਥਾਂ 'ਚ 'ਖੇਡ ਭਾਵਨਾ' ਦਾ ਜੋ ਰੂਪ ਦੇਖਣ ਨੂੰ ਮਿਲਿਆ, ਹਰ ਕੋਈ ਉਸ ਦਾ ਮੁਰੀਦ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਨਡਾਲ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਓਪਨ ਫ਼ਾਈਨਲ ਵਿਚ ਮੇਦਵੇਦੇਵ ਨੂੰ 7-5, 6-3, 5-7, 4-6, 6-4 ਨਾਲ ਹਰਾਇਆ ਸੀ। ਮੋਦੀ ਨੇ ਉਸ ਦੀ ਖੇਡ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ, ''ਉਸ ਦੀਆਂ ਗੱਲਾਂ ਦਾ ਉੱਥੇ ਮੌਜੂਦ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੇਦਵੇਦੇਵ ਨੇ ਚੈਂਪੀਅਨ ਨਡਾਲ ਦੀ ਵੀ ਰੱਜ ਕੇ ਸ਼ਲਾਘਾ ਕੀਤੀ।''