ਭਾਰਤ ਨੇ ਯੁੱਧ ਨਹੀਂ ਬੁੱਧ ਦਿਤੇ ਹਨ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ 'ਚ ਅਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਦਿਤਾ ਸ਼ਾਂਤੀ ਦਾ ਸੰਦੇਸ਼

India has given the world not 'yudh' but 'Budh': PM Modi at UNGA on terrorism

ਨਵੀਂ ਦਿੱਲੀ: ਦੁਨੀਆਂ ਨੂੰ 'ਯੁੱਧ ਨਹੀਂ ਬੁੱਧ' ਦੇ ਸ਼ਾਂਤੀ ਸੰਦੇਸ਼ ਦੇਣ ਦੇ ਭਾਰਤ ਦੇ ਯੋਗਦਾਨ ਨੂੰ ਉਭਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਦੇ ਖ਼ਤਰੇ ਪ੍ਰਤੀ ਵਿਸ਼ਵ ਭਾਈਚਾਰੇ ਨੂੰ ਜਾਣੂ ਕਰਵਾਇਆ ਅਤੇ ਇਸ ਦੇ ਵਿਰੁਧ ਕੌਮਾਂਤਰੀ ਇਕਜੁਟਤਾ ਦਾ ਸੱਦਾ ਦਿਤਾ। ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 74ਵੇਂ ਇਜਲਾਸ ਨੂੰ ਹਿੰਦੀ 'ਚ ਸੰਬੋਧਤ ਕਰਦਿਆਂ ਕਿਹਾ, ''ਅਤਿਵਾਦ ਦੇ ਨਾਂ 'ਤੇ ਵੰਡੀ ਦੁਨੀਆਂ ਉਨ੍ਹਾਂ ਸਿਧਾਂਤਾਂ ਨੂੰ ਢਾਹ ਲਾਉਂਦੀ ਹੈ, ਜਿਸ ਦੇ ਆਧਾਰ 'ਤੇ ਸੰਯੁਕਤ ਰਾਸ਼ਟਰ ਦਾ ਜਨਮ ਹੋਇਆ। ਮੈਂ ਸਮਝਦਾ ਹਾਂ ਕਿ ਅਤਿਵਾਦ ਵਿਰੁਧ ਪੂਰੀ ਦੁਨੀਆਂ ਦਾ ਇਕਜੁਟ ਹੋਣਾ ਲਾਜ਼ਮੀ ਹੈ।''

ਸਵਾਮੀ ਵਿਵੇਕਾਨੰਦ ਦੇ 125 ਸਾਲ ਪਹਿਲਾਂ ਸ਼ਿਕਾਗੋ 'ਚ ਧਰਮ ਸੰਸਦ 'ਚ ਦਿਤੇ ਸੰਦੇਸ਼ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦਾ ਅੱਜ ਵੀ ਕੌਮਾਂਤਰੀ ਭਾਈਚਾਰੇ ਲਈ ਸ਼ਾਂਤੀ ਅਤੇ ਭਾਈਚਾਰਾ ਹੀ ਇਕੋ-ਇਕ ਸੰਦੇਸ਼ ਹੈ।'' ਉਨ੍ਹਾਂ ਇਹ ਵੀ ਕਿਹਾ, ''ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿਸ ਨੇ ਦੁਨੀਆਂ ਨੂੰ ਜੰਗ ਨਹੀਂ, ਬੁੱਧ ਦਿਤੇ ਹਨ। ਸ਼ਾਂਤੀ ਦਾ ਸੰਦੇਸ਼ ਦਿਤਾ ਹੈ।'' ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ 'ਚ ਭਾਰਤ ਨੇ ਸੱਭ ਤੋਂ ਜ਼ਿਆਦਾ ਯੋਗਦਾਨ ਦਿਤਾ ਹੈ।

ਮੋਦੀ ਨੇ ਅਤਿਵਾਦ ਨੂੰ ਲੈ ਕੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ, ''ਸਾਡੀ ਆਵਾਜ਼ 'ਚ ਅਤਿਵਾਦ ਵਿਰੁਧ ਦੁਨੀਆਂ ਨੂੰ ਚੌਕਸ ਕਰਨ ਦੀ ਗੰਭੀਰਤਾ ਵੀ ਹੈ, ਗੁੱਸਾ ਵੀ ਹੈ। ਅਸੀਂ ਮੰਨਦੇ ਹਾਂ ਕਿ ਇਹ ਕਿਸੇ ਇਕ ਦੇਸ਼ ਦੀ ਨਹੀਂ, ਬਲਕਿ ਪੂਰੀ ਦੁਨੀਆਂ ਅਤੇ ਮਾਨਵਤਾ ਦੀ ਸੱਭ ਤੋਂ ਵੱਡੀਆਂ ਚੁਨੌਤੀਆਂ 'ਚੋਂ ਇਕ ਹੈ।'' ਉਨ੍ਹਾਂ ਕਿਹਾ ਕਿ 130 ਕਰੋੜ ਭਾਰਤੀਆਂ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਨਾ ਮਾਣ ਦੀ ਗੱਲ ਹੈ। ਮੋਦੀ ਨੇ ਅਪਣੇ ਸੰਬੋਧਨ ਦੀ ਸ਼ੁਰੂਆਤ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਸੱਚ ਅਤੇ ਅਹਿੰਸਾ ਦਾ ਸੰਦੇਸ਼ ਪੂਰੀ ਦੁਨੀਆਂ ਲਈ ਅੱਜ ਵੀ ਪ੍ਰਾਸੰਗਿਕ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ 'ਚ ਅਸੀਂ ਪਾਣੀ ਬਚਾਉਣ ਦੇ ਨਾਲ 15 ਕਰੋੜ ਪ੍ਰਵਾਰਾਂ ਨੂੰ ਪਾਈਪ ਜ਼ਰੀਏ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੋੜਨ ਵਾਲੇ ਹਾਂ। ਉਨ੍ਹਾਂ ਕਿਹਾ ਕਿ 2025 ਤਕ ਅਸੀਂ ਭਾਰਤ ਨੂੰ ਟੀ.ਬੀ. ਤੋਂ ਮੁਕਤ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਨ-ਭਾਗੀਦਾਰੀ ਨਾਲ ਜਨ-ਕਲਿਆਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ ਅਤੇ ਇਹ ਸਿਰਫ਼ ਭਾਰਤ ਹੀ ਨਹੀਂ 'ਜਗ-ਕਲਿਆਣ' ਲਈ ਹੈ। ਗਲੋਬਲ ਵਾਰਮਿੰਗ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪ੍ਰਤੀ ਵਿਅਕਤੀ ਉਤਸਰਜਨ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਕੌਮਾਂਤਰੀ ਤਾਪਮਾਨ ਨੂੰ ਵਧਾਉਣ 'ਚ ਭਾਰਤ ਦਾ ਯੋਗਦਾਨ ਬਹੁਤ ਹੀ ਘੱਟ ਰਿਹਾ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।