ਪੀਐੱਮ ਮੋਦੀ ਨੂੰ ਮਿਲਿਆ ਗਲੋਬਲ ਗੋਲਕੀਪਰ ਅਵਾਰਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਬਿੱਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ‘ਗਲੋਬਲ ਗੋਲਕੀਪਰ ਅਵਾਰਡ’ ਅਵਾਰਡ ਮਿਲਿਆ ਹੈ।
ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਬਿੱਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ‘ਗਲੋਬਲ ਗੋਲਕੀਪਰ ਅਵਾਰਡ’ ਅਵਾਰਡ ਮਿਲਿਆ ਹੈ। ਪੁਰਸਕਾਰ ਮਿਲਣ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦਾ ਨਹੀਂ ਬਲਕਿ ਉਨ੍ਹਾਂ ਕਰੋੜਾਂ ਭਾਰਤੀਆਂ ਦਾ ਹੈ ਜਿਨ੍ਹਾਂ ਨੇ ਸਵੱਛ ਭਾਰਤ ਦੇ ਸੰਕਲਪ ਨੂੰ ਨਾ ਸਿਰਫ਼ ਪੂਰਾ ਕੀਤਾ ਬਲਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਢਾਲਿਆ ਵੀ ਹੈ।
ਪੀਐੱਮ ਮੋਦੀ ਨੇ ਕਿਹਾ ਮਹਾਤਮਾ ਗਾਂਧੀ ਦੀ 150 ਜੈਅੰਤੀ 'ਤੇ ਉਨ੍ਹਾਂ ਨੂੰ ਇਹ ਅਵਾਰਡ ਮਿਲਣਾ ਵਿਅਕਤੀਗਤ ਤੌਰ 'ਤੇ ਵੀ ਵੱਡੀ ਗੱਲ ਹੈ। ਇਹ ਇਸ ਗੱਲ ਦਾ ਸਿੱਟਾ ਹੈ ਕਿ ਜੇਕਰ 130 ਕਰੋੜ ਲੋਕਾਂ ਦੀ ਸ਼ਕਤੀ ਕਿਸੇ ਇਕ ਸੰਕਲਪ ਨੂੰ ਪੂਰਾ ਕਰਨ 'ਚ ਜੁਟ ਜਾਵੇ, ਤਾਂ ਕਿਸੇ ਵੀ ਚੁਣੌਤੀ 'ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ ਤੇ ਉਹ ਇਹ ਸਨਮਾਨ ਉਨ੍ਹਾਂ ਭਾਰਤੀਆਂ ਨੂੰ ਸਪਰਪਿਤ ਕਰਦੇ ਹਨ, ਜਿਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਇਕ ਜਨ ਅੰਦੋਲਨ 'ਚ ਬਦਲਿਆ, ਜਿਨ੍ਹਾਂ ਨੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਪਹਿਲ ਦੇਣੀ ਸ਼ੁਰੂ ਕੀਤੀ।
ਪੀਐੱਮ ਮੋਦੀ ਨੇ ਕਿਹਾ ਕਿ ਫਿਲਹਾਲ ਅਜਿਹੀ ਮੁਹਿੰਮ ਕਿਸੇ ਦੇਸ਼ 'ਚ ਦੇਖਣ ਤੇ ਸੁਣਨ 'ਚ ਨਹੀਂ ਮਿਲੀ। ਇਹ ਮਹਿੰਮ ਸ਼ੁਰੂ ਭਾਵੇਂ ਉਨ੍ਹਾਂ ਦੀ ਸਰਕਾਰ ਨੇ ਕੀਤੀ ਸੀ, ਪਰ ਇਸ ਦੀ ਕਮਾਨ ਜਨਤਾ ਨੇ ਖੁਦ ਆਪਣੇ ਹੱਥਾਂ 'ਚ ਲੈ ਲਈ ਸੀ। ਇਸ ਮਿਸ਼ਨ ਨੇ ਜੇਕਰ ਸਭ ਤੋਂ ਜ਼ਿਆਦਾ ਲਾਭ ਕਿਸੇ ਨੂੰ ਪਹੁੰਚਾਇਆ ਹੈ ਤਾਂ ਉਹ ਦੇਸ਼ ਦੇ ਗ਼ਰੀਬਾਂ ਨੂੰ, ਦੇਸ਼ ਦੀਆਂ ਔਰਤਾਂ ਨੂੰ। ਭਾਰਤ ਸਵੱਛਤਾ ਸਬੰਧੀ ਆਪਣੇ ਅਨੁਭਵ ਤੇ ਆਪਣੀ ਮੁਹਾਰਤ ਨੂੰ ਦੁਨੀਆ ਦੇ ਦੂਸਰੇ ਦੇਸ਼ਾਂ ਨਾਲ ਵੀ ਸਾਂਝਾ ਕਰਨ ਨੂੰ ਤਿਆਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।