ਉੱਤਰੀ ਕੋਰੀਆ ਵੱਲੋਂ ਅਮਰੀਕਾ ਨੂੰ 'ਕਰਾਰਾ ਜਵਾਬ' ਦੇਣ ਦੀ ਚਿਤਾਵਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਕੋਰੀਆ ਨੇ ਕਿਹਾ ਕਿ ਉਸ ਦੀਆਂ ਲਾਂਚ ਗਤੀਵਿਧੀਆਂ ਸਾਂਝੇ ਫ਼ੌਜੀ ਅਭਿਆਸਾਂ ਵਿਚਕਾਰ ਇੱਕ ਚਿਤਾਵਨੀ ਵਜੋਂ ਹਨ।

North Korea warns US of 'powerful' response

 

ਸਿਓਲ - ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਦੱਖਣੀ ਕੋਰੀਆ ਨਾਲ ਸਾਂਝੇ ਫ਼ੌਜੀ ਅਭਿਆਸ ਦੇ ਵਿਸਥਾਰ ਲਈ ਅਮਰੀਕਾ ਦੀ ਆਲੋਚਨਾ ਕੀਤੀ ਹੈ। ਉੱਤਰੀ ਕੋਰੀਆ ਦਾ ਦਾਅਵਾ ਹੈ ਕਿ ਇਹ ਸੰਭਾਵੀ ਹਮਲੇ ਲਈ ਜੰਗ ਦਾ ਅਭਿਆਸ ਹੈ, ਅਤੇ ਇਸ ਦੇ ਜਵਾਬ ਵਿੱਚ 'ਵੱਧ ਪ੍ਰਭਾਵਸ਼ਾਲੀ ਉਪਾਅ' ਅਮਲ; ਹੇਠ ਲਿਆਉਣ ਦੀ ਚਿਤਾਵਨੀ ਦਿੱਤੀ। ਮੰਤਰਾਲਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਨੇ 200 ਤੋਂ ਵੱਧ ਲੜਾਕੂ ਜਹਾਜ਼ਾਂ ਨਾਲ ਹਵਾਈ ਅਭਿਆਸ ਕੀਤਾ ਹੈ। ਇਨ੍ਹਾਂ ਵਿੱਚ ਐਫ਼-35 ਲੜਾਕੂ ਜਹਾਜ਼ ਵੀ ਸ਼ਾਮਲ ਸਨ।

ਨਾਲ ਹੀ, ਉੱਤਰੀ ਕੋਰੀਆ ਨੇ ਵੀ ਇਸ ਸਾਲ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਉਸ ਨੇ ਵੀ 40 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਹਨ। ਅਮਰੀਕਾ ਅਤੇ ਦੱਖਣੀ ਕੋਰੀਆ ਨੇ ਇਸ ਸਾਲ ਵੱਡੇ ਪੱਧਰ 'ਤੇ ਫ਼ੌਜੀ ਅਭਿਆਸ ਮੁੜ ਸ਼ੁਰੂ ਕੀਤਾ ਹੈ। ਪਿਓਂਗਯਾਂਗ ਨਾਲ ਕੂਟਨੀਤਕ ਗੱਲਬਾਤ ਦੇ ਯਤਨਾਂ ਅਤੇ ਮਹਾਮਾਰੀ ਕਾਰਨ ਉਨ੍ਹਾਂ ਪਿਛਲੇ ਕੁਝ ਸਾਲਾਂ ਵਿੱਚ ਅਭਿਆਸ ਨਹੀਂ ਕੀਤਾ ਸੀ।

ਉੱਤਰੀ ਕੋਰੀਆ ਨੇ ਕਿਹਾ ਕਿ ਉਸ ਦੀਆਂ ਲਾਂਚ ਗਤੀਵਿਧੀਆਂ ਸਾਂਝੇ ਫ਼ੌਜੀ ਅਭਿਆਸਾਂ ਵਿਚਕਾਰ ਇੱਕ ਚਿਤਾਵਨੀ ਵਜੋਂ ਹਨ। ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਜੇਕਰ ਸੰਯੁਕਤ ਰਾਜ ਅਮਰੀਕਾ ਉਕਸਾਊ ਫ਼ੌਜੀ ਕਾਰਵਾਈਆਂ ਜਾਰੀ ਰੱਖਦਾ ਹੈ, ਤਾਂ ਉੱਤਰੀ ਕੋਰੀਆ ਵੀ ਇਸ ਦੇ ਜਵਾਬ 'ਚ ਵੱਧ 'ਸ਼ਕਤੀਸ਼ਾਲੀ ਉਪਾਅ' ਕਰੇਗਾ, ਪਰ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਉਹ ਉਪਾਅ ਕੀ ਹੋਣਗੇ।