ਦੂਤਾਵਾਸ 'ਤੇ ਹਮਲੇ ਤੋਂ ਬਾਅਦ ਸੈਂਕੜੇ ਹੋਰ ਸੈਨਿਕ ਬਗਦਾਦ ਭੇਜੇਗਾ ਅਮਰੀਕਾ,ਜਾਣੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਟਰੰਪ ਨੇ ਪਹਿਲਾਂ ਵੀ ਇਰਾਕ ਨੂੰ ਦਿੱਤੀ ਸੀ ਧਮਕੀ

File Photo

ਨਵੀਂ ਦਿੱਲੀ : ਅਮਰੀਕਾ ਇਰਾਕ ਵਿਚ ਆਪਣੇ ਸੈਂਕੜੇ ਹੀ ਹੋਰ ਸੈਨਿਕ ਭੇਜੇਗਾ। ਅਮਰੀਕਾ ਨੇ ਇਹ ਫ਼ੈਸਲਾ ਇਰਾਕ ਦੇ ਬਗਦਾਦ ਸਥਿਤੀ ਅਮਰੀਕੀ ਦੂਤਾਵਾਸ ਵਿਚ ਪ੍ਰਦਰਸ਼ਨਕਾਰੀਆਂ ਦੇ ਦਖਲ, ਅੱਗ ਲਾਉਣ ਅਤੇ 'ਅਮਰੀਕਾ ਦੀ ਹੱਤਿਆ' ਕਰਨ ਵਰਗੇ ਨਾਅਰੇ ਲਗਾਉਣ ਤੋਂ ਬਾਅਦ ਲਿਆ ਹੈ।

ਦਰਅਸਲ ਅਮਰੀਕਾ ਦੇ ਇਕ ਹਵਾਈ ਹਮਲੇ ਵਿਚ ਹਿਜਬੁਲ੍ਹਾ ਕੱਟਰਪੰਥੀ ਗੁੱਟ ਦੇ ਘੱਟ ਤੋਂ ਘੱਟ 25 ਲੜਾਕੇ ਮਾਰੇ ਗਏ ਸਨ। ਅਮਰੀਕਾ ਨੇ ਇਸ ਗੁੱਟ 'ਤੇ ਅਮਰੀਕੀ ਠੇਕੇਦਾਰ ਦੀ ਹੱਤਿਆ ਕਰਨ ਦਾ ਆਰੋਪ ਲਗਾਇਆ ਸੀ। ਇਸੇ ਹਵਾਈ ਹਮਲੇ ਤੋਂ ਖਫਾ ਇਰਾਕ ਵਿਚ ਹਜ਼ਾਰਾ ਪ੍ਰਦਰਸ਼ਨਕਾਰੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹਨ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅਮਰੀਕੀ ਠੇਕੇਦਾਰ ਦੀ ਹੱਤਿਆ ਨੂੰ ਅੱਤਵਾਦੀ ਸਾਜਿਸ਼ ਕਰਾਰ ਦੇ ਦਿੱਤਾ ਸੀ। ਅਮਰੀਕਾ ਨੇ ਹੱਤਿਆ ਕਰਨ ਵਿਚ ਸ਼ਾਮਲ ਦੋ ਅੱਤਵਾਦੀਆਂ ਦੀ ਪਹਿਚਾਣ ਕੀਤੀ ਸੀ ਜੋ ਕਿ ਹਿੱਜਬੁੱਲ੍ਹਾ ਦਾ ਹਿੱਸਾ ਸਨ ਜਿਸ ਨੂੰ ਕਿ ਬਾਅਦ ਵਿਚ ਅਮਰੀਕਾ ਨੇ ਹਵਾਈ ਹਮਲੇ ਵਿਚ ਨਿਸ਼ਾਨਾ ਬਣਾਇਆ ਸੀ।

ਰੱਖਿਆ ਮੰਤਰੀ ਮਾਰਕ ਅਸਪਰ ਨੇ ਕਿਹਾ ਹੈ ਕਿ 28ਵੀਂ ਏਅਰਬੋਰਨ ਡਿਵੀਜ਼ਨ ਦੀ ਤੇਜ ਜਵਾਬੀ ਇਕਾਈ ਦੇ ਲਗਭਗ 750 ਸੈਨਿਕਾਂ ਨੂੰ ਅਗਲੇ ਕੁੱਝ ਦਿਨਾਂ ਵਿਚ ਭੇਜਣ ਦੀ ਤਿਆਰੀ ਹੈ। ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਦੂਤਾਵਾਸ ਦੀ ਸੁਰੱਖਿਆ ਵਧਾਉਣ ਲਈ ਅਮਰੀਕਾ ਨੇ ਸਮੁੰਦਰੀ ਜਹਾਜ਼ ਦੀ ਇਕ ਤੇਜ਼ ਪ੍ਰਤੀਕਿਰਿਆ ਟੀਮ ਪਹਿਲਾਂ ਹੀ ਭੇਜ ਦਿੱਤੀ ਸੀ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਦੂਤਾਵਾਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਅਤੇ ਹਿੰਸਾ ਪਿੱਛੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਸੀ ਕਿ ਜੇਕਰ ਕਿਸੇ ਵੀ ਅਧਿਕਾਰੀ ਨੂੰ ਨੁਕਸਾਨ ਪਹੁੰਚਿਆ ਤਾਂ ਇਰਾਨ ਨੂੰ ਇਸ ਦੀ ਕੀਮਤ ਭੁਗਤਣੀ ਪਵੇਗੀ। ਟਰੰਪ ਨੇ ਕਿਹਾ ਸੀ ਕਿ ਇਹ ਚੇਤਾਵਨੀ ਨਹੀ ਬਲਕਿ ਧਮਕੀ ਹੈ।