ਕਈ ਅਫਵਾਹਾਂ ਨੂੰ ਖਾਰਜ ਕਰ 20 ਦਿਨ ਬਾਅਦ ਸਾਹਮਣੇ ਆਏ ਸ਼ਾਸਕ ਕਿਮ ਜੋਂਗ ਓਨ
ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਓਨ ਆਖਿਰਕਾਰ ਲਗਭਗ ਤਿੰਨ ਹਫਤਿਆਂ ਬਾਅਦ ਜਨਤਕ ਸਮਾਰੋਹ ਵਿਚ ਨਜ਼ਰ ਆਏ।
ਨਵੀਂ ਦਿੱਲੀ: ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਓਨ ਆਖਿਰਕਾਰ ਲਗਭਗ ਤਿੰਨ ਹਫਤਿਆਂ ਬਾਅਦ ਜਨਤਕ ਸਮਾਰੋਹ ਵਿਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਕਿਮ ਜੋਂਗ ਦੇ ਦਿਖਾਈ ਨਾ ਦੇਣ 'ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ।
ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਕਿਮ ਇਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਉਦਘਾਟਨ ਸਮਾਰੋਹ ਵਿਚ ਪਹੁੰਚੇ। ਇਸ ਤੋਂ ਪਹਿਲਾਂ ਕਿਮ ਜੋਂਗ ਨੂੰ ਆਖਰੀ ਵਾਰ 12 ਅਪ੍ਰੈਲ ਨੂੰ ਇਕ ਸਮਾਰੋਹ ਵਿਚ ਦੇਖਿਆ ਗਿਆ ਸੀ। ਇਸ ਸਮਾਰੋਹ ਵਿਚ ਉਹ ਇਕ ਫਾਇਟਰ ਜੈੱਟ ਉਡਾਨ ਦਾ ਜਾਇਜ਼ਾ ਲੈ ਰਹੇ ਹਨ।
ਪਿਛਲੇ 20 ਦਿਨਾਂ ਦੌਰਾਨ ਕਿਮ ਜੋਂਗ ਨੂੰ ਲੈ ਕੇ ਕਈ ਖ਼ਬਰਾਂ ਮੀਡੀਆ ਵਿਚ ਆ ਰਹੀਆਂ ਸੀ। ਕਾਫੀ ਸਮੇਂ ਤੱਕ ਦਿਖਾਈ ਨਾ ਦੇਣ 'ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਫੈਲ ਰਹੀਆਂ ਸੀ। ਉਹਨਾਂ ਦੀ ਸਿਹਤ ਗੰਭੀਰ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਸੀ।
ਅਮਰੀਕਾ ਦੀ ਇਕ ਨਿਊਜ਼ ਏਜੰਸੀ ਨੇ ਅਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਓਨ ਦੀ ਸਿਹਤ ਕਾਫੀ ਖ਼ਰਾਬ ਹੈ, ਉਹਨਾਂ ਨੇ ਇਕ ਸਰਜਰੀ ਕਰਵਾਈ ਹੈ, ਜਿਸ ਤੋਂ ਬਾਅਦ ਹਾਲਤ ਵਿਗੜ ਗਈ ਹੈ। ਏਜੰਸੀ ਨੇ ਇਹ ਦਾਅਵਾ ਵਾਈਟ ਹਾਊਸ ਦੇ ਕਿਸੇ ਅਧਿਕਾਰੀ ਦੇ ਹਵਾਲੇ ਨਾਲ ਕੀਤਾ ਸੀ।
ਉੱਤਰ ਕੋਰੀਆ ਦੀ ਸਰਕਾਰ ਏਜੰਸੀ ਨੇ ਦੱਸਿਆ ਕਿ ਕਿਮ ਨੇ ਸਮਾਰੋਹ ਵਿਚ ਫੈਕਟਰੀ ਦਾ ਉਦਘਾਟਨ ਕੀਤਾ ਤੇ ਉੱਥੇ ਮੌਜੂਦ ਭੀੜ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਨਾਅਰੇ ਲਗਾਏ।
ਕਿਮ ਜੋਂਗ 15 ਅਪ੍ਰੈਲ ਨੂੰ ਅਪਣੇ ਦਾਦਾ ਦੇ ਜਨਮ ਸਮਾਰੋਹ 'ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਵੀ ਸ਼ਾਮਿਲ ਨਹੀਂ ਹੋਏ ਜਦਕਿ ਨਾਰਥ ਕੋਰੀਆ ਦੇ ਜਨਕ ਕਿਮ ਸੰਗ ਦੇ ਜਨਮ ਦਿਨ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੇਸ਼ ਵਿਚ ਛੁੱਟੀਆਂ ਵੀ ਹੁੰਦੀਆਂ ਹਨ।