ਲੋਕ ਮੈਨੂੰ ਸ਼ੋਏਬ ਅਖ਼ਤਰ ਦੀ ਤਰਜ਼ 'ਤੇ 'ਖ਼ਾਲਸਾ ਐਕਸਪ੍ਰੈੱਸ' ਦੇ ਨਾਮ ਨਾਲ ਜਾਣਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਦੇ ਪਹਿਲੇ ਸਾਬਤ ਸੂਰਤ ਸਿੱਖ ਖਿਡਾਰੀ ਮਹਿੰਦਰਪਾਲ ਸਿੰਘ ਨੇ ਕਿਹਾ ਹੈ ਲੋਕ ਮੈਨੂੰ ਸ਼ੋਏਬ ਅਖ਼ਤਰ ਦੀ ਤਰਜ਼ 'ਤੇ 'ਖ਼ਾਲਸਾ ਐਕਸਪ੍ਰੈੱਸ' ਦੇ ਨਾਮ ਨਾਲ ਜਾਣਦੇ ਹਨ।

Mahinder Pal Singh

ਲਾਹੌਰ (ਚਰਨਜੀਤ ਸਿੰਘ): ਪਾਕਿਸਤਾਨ ਦੇ ਪਹਿਲੇ ਸਾਬਤ ਸੂਰਤ ਸਿੱਖ ਖਿਡਾਰੀ ਮਹਿੰਦਰਪਾਲ ਸਿੰਘ ਨੇ ਕਿਹਾ ਹੈ ਅੱਜ ਲੋਕ ਉਸ ਨੂੰ ਮੁਹੰਮਦ ਸ਼ੋਏਬ ਅਖ਼ਤਰ ਦੀ ਪਿੰਡੀ ਐਕਸਪ੍ਰੈਸ ਦੀ ਤਰਜ਼ 'ਤੇ ਖ਼ਾਲਸਾ ਐਕਸਪ੍ਰੈਸ ਦੇ ਨਾਮ ਨਾਲ ਜਾਣਦੇ ਹਨ। ਇਹ ਖ਼ਿਤਾਬ ਉਸ ਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਘੱਟ ਗਿਣਤੀ ਹੋਣ ਕਾਰਨ ਤਰਸ ਦੇ ਆਧਾਰ 'ਤੇ ਨਹੀਂ ਯੋਗਤਾ ਦੇ ਆਧਾਰ 'ਤੇ ਹਾਸਲ ਹੋਇਆ ਹੈ। 

ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਕ੍ਰਿਕਟ ਦਾ ਜਨੂੰਨ ਸੀ। ਜਦੋਂ ਉਸ ਦਾ ਪਰਵਾਰ ਪੇਸ਼ਾਵਰ ਛੱਡ ਕੇ ਨਨਕਾਣਾ ਸਾਹਿਬ ਆ ਵਸਿਆ ਤੇ ਉਸ ਅੰਦਰ ਦਬੀ ਖੁਵਾਹਿਸ਼ ਹੋਰ ਵਧਣ ਲੱਗੀ ਤੇ ਉਸ ਨੇ ਅਪਣਾ ਸ਼ੌਕ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਬੇਸ਼ਕ ਘੱਟ ਗਿਣਤੀ ਵਿਚ ਹਨ ਪਰ ਜੋ ਮਾਣ ਸਤਿਕਾਰ ਸਿੱਖਾਂ ਨੂੰ ਮਿਲਦਾ ਹੈ ਉਹ ਮਿਸਾਲੀ ਹੈ। ਉਨ੍ਹਾਂ ਦਸਿਆ ਕਿ ਉਹ ਜਲਦ ਹੀ ਪਾਕਿਸਤਾਨ ਕ੍ਰਿਕਟ ਟੀਮ ਵਿਚ ਸ਼ਾਮਲ ਹੋ ਕੇ ਅਪਣੇ ਦੇਸ਼ ਲਈ ਖੇਡਣਗੇ।

ਹਿੰਦਰਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਪਹਿਲ ਪਾਕਿਸਤਾਨ ਦੇ ਸਿੱਖ ਅਪਣੇ ਬੱਚਿਆਂ ਦੀ ਪੜ੍ਹਾਈ ਵਲ ਖ਼ਾਸ ਧਿਆਨ ਨਹੀਂ ਸੀ ਦਿੰਦੇ ਪਰ ਜਦੋਂ ਪ੍ਰੋਫ਼ੈਸਰ ਕਲਿਆਣ ਸਿੰਘ ਨੇ ਪੀ ਐਚ ਡੀ ਕੀਤੀ ਤੇ ਸਰਕਾਰੀ ਨੌਕਰੀ 'ਤੇ ਗਏ ਫਿਰ ਸਾਡੇ ਸਿੱਖ ਜਾਗੇ। ਅੱਜ ਪਾਕਿਸਤਾਨ ਦੇ ਹਰ ਸਰਕਾਰੀ ਮਹਿਕਮੇ ਵਿਚ ਸਿੱਖ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਰਹਿ ਕੇ ਅਪਣੀ ਵਖਰੀ ਪਹਿਚਾਣ ਨੂੰ ਬਰਕਰਾਰ ਰੱਖਦਿਆਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਮਹਿੰਦਰ ਪਾਲ ਸਿੰਘ ਨੂੰ ਸਨਮਾਨ ਦਿਤਾ।