ਸਿੱਖਿਆ ਵਿਭਾਗ ਵਲੋਂ ਐਜੂਸੈੱਟ ਰਾਹੀਂ ਐਨੀਮੇਟਿਡ ਫ਼ਿਲਮਾਂ ਦਿਖਾ ਕੇ ਭਾਸ਼ਾ ਗਿਆਨ ਦੇਣ ਦਾ ਉਪਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਗੇੜ ਵਿਚ 3289 ਸਕੂਲਾਂ ਵਿਚ ਐਜੂਸੈੱਟ ਰਾਹੀਂ 'ਪੈਪਾ ਪਿੱਗ ਹਾਸਪਿਟਲ' ਅਤੇ 'ਪੈਪਾ ਪਿੱਗ ਸਿੰਪਲ ਸਾਇੰਸ' ਐਨੀਮੇਟਿਡ ਸੀਰੀਜ਼ ਵਿਖਾਉਣ ਦੀ ਸ਼ੁਰੂਆਤ ਕੀਤੀ ਗਈ ਹੈ

Education Dept. has taken an initiative to give language knowledge by showing animated films through Edusat

ਐਸ.ਏ.ਐਸ. ਨਗਰ: ਸਿੱਖਿਆ ਵਿਭਾਗ ਪੰਜਾਬ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਿੱਤ ਨਵੇਂ ਉਪਰਾਲੇ ਕਰ ਰਿਹਾ ਹੈ ਜਿਸ ਸਦਕਾ ਪੰਜਾਬ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਮੋਹਰੀ ਰਾਜਾਂ ਵਿਚੋਂ ਇਕ ਹੈ। ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੌਚਕ ਬਣਾਉਣ ਲਈ ਸਕੂਲਾਂ ਨੂੰ ਐਜੂਸੈੱਟ ਰਾਹੀਂ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤਹਿਤ ਸਿੱਖਿਆ ਵਿਭਾਗ ਨੇ ਐਜੂਸੈੱਟ ਰਾਹੀਂ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਐਨੀਮੇਟਿਡ ਫ਼ਿਲਮਾਂ ਵਿਖਾਉਣ ਦੀ ਨਵੀਂ ਹੀ ਪਿਰਤ ਪਾਈ ਹੈ।

ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਗੇੜ ਵਿਚ 3289 ਸਕੂਲਾਂ ਵਿਚ ਐਜੂਸੈੱਟ ਰਾਹੀਂ 'ਪੈਪਾ ਪਿੱਗ ਹਾਸਪਿਟਲ' ਅਤੇ 'ਪੈਪਾ ਪਿੱਗ ਸਿੰਪਲ ਸਾਇੰਸ' ਐਨੀਮੇਟਿਡ ਸੀਰੀਜ਼ ਵਿਖਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਸਕੂਲਾਂ ਦੀ ਸਮਾਂ-ਸੂਚੀ ਵਿਚ ਇਸ ਸਬੰਧੀ ਬਾਕਾਇਦਾ 40 ਮਿੰਟ ਦਾ ਪੀਰੀਅਡ ਰੱਖਿਆ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ 'ਚ ਮੁਹਾਰਤ ਦਾ ਵਿਕਾਸ ਕਰਨਾ ਹੈ ਤਾਂ ਕਿ ਅੰਗਰੇਜ਼ੀ ਵਿਸ਼ੇ ਦੇ ਲੋੜੀਂਦੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ।

ਵਿਦਿਆਰਥੀਆਂ ਦੀ ਕਾਰਟੂਨਾਂ ਵਿਚ ਰੁਚੀ ਨੂੰ ਦੇਖਦੇ ਹੋਏ ਅੰਗਰੇਜ਼ੀ ਅਧਿਆਪਕਾਂ ਦੀ ਇਸ ਸਬੰਧੀ ਮੰਗ ਨੂੰ ਮੁੱਖ ਰੱਖ ਕੇ ਸਿੱਖਿਆ ਵਿਭਾਗ ਨੇ ਇਹ ਪਹਿਲਕਦਮੀ ਕੀਤੀ ਹੈ। ਛੁੱਟੀਆਂ ਤੋਂ ਬਾਅਦ ਅੱਜ ਪਹਿਲੇ ਦਿਨ ਹੀ ਐਜੂਸੈੱਟ ਰਾਹੀਂ ਵਿਦਿਆਰਥੀਆਂ ਨੂੰ ਜਦੋਂ ਕਾਰਟੂਨ ਫ਼ਿਲਮ ਵਿਖਾਈ ਗਈ ਤਾਂ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਇਹਨਾਂ ਫ਼ਿਲਮਾਂ ਦਾ ਖੂਬ ਆਨੰਦ ਮਾਣਿਆ।

ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦੱਸਦੇ ਹੋਏ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਵਿਚ ਦਿਲਚਸਪੀ ਅਤੇ ਆਤਮ-ਵਿਸ਼ਵਾਸ ਵਧੇਗਾ। ਇਸ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਵਿਚ ਵਾਧਾ ਹੋਣ ਨਾਲ ਚੰਗੇ ਨਤੀਜਿਆਂ ਦੀ ਪ੍ਰਾਪਤੀ ਵੀ ਹੋਵੇਗੀ।