ਸੰਯੁਕਤ ਰਾਸ਼ਟਰ 'ਚ ਭਾਰਤੀ ਅਧਿਕਾਰੀ ਵਲੋਂ 'ਮਰਦਾਂ ਦਾ ਜਿਨਸੀ ਸ਼ੋਸ਼ਣ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲਿੰਗਕ ਬਰਾਬਰਤਾ ਅਤੇ ਮਹਿਲਾ ਸ਼ਕਤੀਕਰਨ ਬਾਰੇ ਸੰਯੁਕਤ ਰਾਸ਼ਟਰ ਦੀ ਏਜੰਸੀ ਵਿਚ ਨਿਯੁਕਤ ਭਾਰਤੀ ਮੂਲ ਦੇ ਨਾਗਰਿਕ ਰਵੀ ਕਰਕਰਾ ਵਿਰੁਧ ਕਥਿਤ ਤੌਰ...

UN Office

ਸੰਯੁਕਤ ਰਾਸ਼ਟਰ : ਲਿੰਗਕ ਬਰਾਬਰਤਾ ਅਤੇ ਮਹਿਲਾ ਸ਼ਕਤੀਕਰਨ ਬਾਰੇ ਸੰਯੁਕਤ ਰਾਸ਼ਟਰ ਦੀ ਏਜੰਸੀ ਵਿਚ ਨਿਯੁਕਤ ਭਾਰਤੀ ਮੂਲ ਦੇ ਨਾਗਰਿਕ ਰਵੀ ਕਰਕਰਾ ਵਿਰੁਧ ਕਥਿਤ ਤੌਰ 'ਤੇ ਜਿਸਮਾਨੀ ਸ਼ੋਸਣ ਕਰਨ ਦੇ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਉਸ ਵਿਰੁਧ ਲੋੜੀਂਦੀ ਕਾਰਵਾਈ ਕਰਨ ਲਈ ਕਦਮ ਉਠਾਏ ਜਾ ਰਹੇ ਹਨ। ਉਸ ਵਿਰੁਧ ਘੱਟੋ-ਘੱਟ 8 ਮਰਦਾਂ ਨੇ ਦੋਸ਼ ਲਗਾਏ ਹਨ ਕਿ ਉਸ ਨੇ ਅਪਣੀ ਇੱਜ਼ਤ ਅਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨਾਲ 'ਜਿਸਮਾਨੀ ਸ਼ੋਸ਼ਣ' ਕੀਤਾ ਹੈ।

ਉਂਝ ਭਾਵੇਂ ਉਸ ਭਾਰਤੀ ਨਾਗਰਿਕ ਦੀ ਸ਼ਨਾਖ਼ਤ ਸੰਯੁਕਤ ਰਾਸ਼ਟਰ ਦੇ ਆਡਿਟ ਤੇ ਜਾਂਚ ਵਿਭਾਗ ਨੇ ਜੱਗ ਜ਼ਾਹਿਰ ਨਹੀਂ ਕੀਤੀ ਪਰ ਪਿਛਲੇ ਮਹੀਨੇ ਯੂਐੱਨ ਵੋਮੈਨ ਦੇ ਸਹਾਇਕ ਸਕੱਤਰ ਜਨਰਲ ਤੇ ਡਿਪਟੀ ਐਗਜ਼ੀਕਿਊਟਿਵ ਡਾਇਰੈਕਟਰ ਦੇ ਸਟ੍ਰੈਟਿਜਿਕ ਪਾਰਟਨਰਸ਼ਿਪਸ ਐਂਡ ਐਡਵੋਕੇਸੀ ਬਾਰੇ ਸੀਨੀਅਰ ਸਲਾਹਕਾਰ ਰਵੀ ਕਰਕਰਾ ਵਿਰੁਧ ਦੋਸ਼ ਪਿਛਲੇ ਮਹੀਨੇ ਲਗਾਏ ਗਏ ਸਨ। ਬੀਤੀ 24 ਅਗਸਤ ਨੂੰ ਯੂਐੱਨ ਵੋਮੈਨ ਦੇ ਕਾਰਜਕਾਰੀ ਨਿਰਦੇਸ਼ਕਾ ਸ੍ਰੀਮਤੀ ਫੁਮਜ਼ਿਲੇ ਮਲਾਂਬੋ-ਨਗਕੁਕਾ ਨੇ ਆਖਿਆ ਸੀ ਕਿ ਇਸ ਮਾਮਲੇ ਵਿਚ ਪੀੜਤ ਨੂੰ ਛੇਤੀ ਤੋਂ ਛੇਤੀ ਇਨਸਾਫ਼ ਮਿਲੇਗਾ।

ਉਨ੍ਹਾਂ ਇਹ ਵੀ ਦਸਿਆ ਸੀ ਕਿ ਉਨ੍ਹਾਂ ਨੇ ਇਸੇ ਵਰ੍ਹੇ ਪੂਰਨਾ ਸੇਨ ਨੂੰ ਜਿਨਸੀ ਸ਼ੋਸਣ ਬਾਰੇ ਐਗਜ਼ੀਕਿਊਟਿਵ ਕੋਆਰਡੀਨੇਟਰ ਨਿਯੁਕਤ ਕੀਤਾ ਸੀ, ਤਾਂ ਜੋ ਪੀੜਤ ਔਰਤਾਂ ਨੂੰ ਸਹੀ ਸਮੇਂ ਸਹਾਇਤਾ ਦਿਤੀ ਜਾ ਸਕੇ। ਉਨ੍ਹਾਂ ਕਿਹਾ ਕਿ ਯੂਐੱਨ ਵੋਮੈਨ ਪੀੜਤਾਂ ਦੀ ਹਰ ਤਰ੍ਹਾਂ ਦੀ ਮਾਨਸਿਕ ਤੇ ਸਮਾਜਕ ਮਦਦ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਅੱਗੇ ਦਸਿਆ ਕਿ ਜਿਨਸੀ ਸ਼ੋਸਣ ਦੇ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਨਰਮੀ ਨਹੀਂ ਵਰਤੀ ਜਾਵੇਗੀ।

ਉਨ੍ਹਾਂ ਅਜਿਹੀਆਂ ਔਰਤਾਂ ਦੀ ਸ਼ਲਾਘਾ ਕੀਤੀ, ਜਿਹੜੀਆਂ ਹਿੰਮਤ ਕਰ ਕੇ ਅਪਣੇ ਨਾਲ ਹੋਣ ਵਾਲੀਆਂ ਵਧੀਕੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੀਆਂ ਹਨ ਤੇ ਉਨ੍ਹਾਂ ਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਬਾਰੇ ਕੋਈ ਕੀ ਸੋਚੇਗਾ। ਅਧਿਕਾਰੀਆਂ ਨੇ ਇਹ ਨਹੀਂ ਦਸਿਆ ਕਿ ਭਾਰਤੀ ਮੂਲ ਦੇ ਮੁਲਜ਼ਮ ਵਿਰੁੱਧ ਜਾਂਚ ਤੋਂ ਬਾਅਦ ਹੁਣ ਕਿਹੋ ਜਿਹੀ ਕਾਰਵਾਈ ਹੋ ਸਕਦੀ ਹੈ। ਫਿਰ ਵੀ ਸੂਤਰਾਂ ਤੋਂ ਪਤਾ ਚਲਿਅ ਹੈ ਕਿ ਉਸ ਦੀ ਲਿਖਤੀ ਰੂਪ ਵਿਚ ਨਿੰਦਾ ਕੀਤੀ ਜਾ ਸਕਦੀ ਹੈ, ਉਸ ਦਾ ਅਹੁਦਾ ਘਟਾਇਆ ਜਾ ਸਕਦਾ ਹੈ, ਉਸ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ ਜਾਂ ਫਿਰ ਪ੍ਰਸ਼ਾਸਕੀ ਅਧਿਕਾਰੀ ਉਸ ਦੇ ਪਹਿਲਾਂ ਦੇ ਵਿਵਹਾਰ ਤੇ ਉਸ ਵਲੋਂ ਕੀਤੇ ਜ਼ੁਰਮ ਦੇ ਦਰਜੇ ਦੇ ਹਿਸਾਬ ਨਾਲ ਉਸ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।