2080 ਤਕ ਭਾਰਤ ’ਚ ਧਰਤੀ ਹੇਠਲੇ ਪਾਣੀ ਦੀ ਕਮੀ ਤਿੰਨ ਗੁਣਾ ਹੋ ਸਕਦੀ ਹੈ: ਅਧਿਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਜਲਵਾਯੂ ਤਪਸ਼ ਕਾਰਨ ਭਾਰਤ ’ਚ ਕਿਸਾਨ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਲਈ ਮਜਬੂਰ ਹਨ।

India could lose groundwater by 3 times the current rate by 2080: Study

 

ਨਵੀਂ ਦਿੱਲੀ, 2 ਸਤੰਬਰ: ਜੇਕਰ ਭਾਰਤੀ ਕਿਸਾਨ ਮੌਜੂਦਾ ਦਰ ’ਤੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜਾਰੀ ਰੱਖਦੇ ਹਨ ਤਾਂ 2080 ਤਕ ਧਰਤੀ ਹੇਠਲੇ ਪਾਣੀ ਵਿਚ ਤਿੰਨ ਗੁਣਾ ਕਮੀ ਆ ਜਾਵੇਗੀ, ਜਿਸ ਨਾਲ ਦੇਸ਼ ਦੀ ਭੋਜਨ ਅਤੇ ਪਾਣੀ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਗੱਲ ਇਕ ਨਵੇਂ ਅਧਿਐਨ ’ਚ ਕਹੀ ਗਈ ਹੈ। ਅਮਰੀਕਾ ਸਥਿਤ ਮਿਸ਼ੀਗਨ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਜਲਵਾਯੂ ਤਪਸ਼ ਕਾਰਨ ਭਾਰਤ ’ਚ ਕਿਸਾਨ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਲਈ ਮਜਬੂਰ ਹਨ।

ਸਾਇੰਸ ਐਡਵਾਂਸ ਜਰਨਲ ’ਚ ਪ੍ਰਕਾਸ਼ਤ ਅਧਿਐਨ ਅਨੁਸਾਰ, ਨਤੀਜੇ ਵਜੋਂ ਘੱਟ ਪਾਣੀ ਦੀ ਉਪਲਬਧਤਾ ਦੇਸ਼ ਦੀ 1.4 ਬਿਲੀਅਨ ਆਬਾਦੀ ’ਚੋਂ ਇਕ ਤਿਹਾਈ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ ’ਚ ਪਾ ਸਕਦੀ ਹੈ, ਜਿਸ ਦੇ ਪੂਰੀ ਦੁਨੀਆਂ ’ਤੇ ਅਸਰ ਹੋ ਸਕਦੇ ਹਨ। ਅਧਿਐਨ ਦੀ ਸੀਨੀਅਰ ਲੇਖਿਕਾ ਅਤੇ ਯੂਨੀਵਰਸਿਟੀ ਦੇ ਸਕੂਲ ਫਾਰ ਐਨਵਾਇਰਮੈਂਟ ਐਂਡ ਸਸਟੇਨੇਬਿਲਟੀ ’ਚ ਪ੍ਰੋਫੈਸਰ ਮੇਹਾ ਜੈਨ ਨੇ ਕਿਹਾ, ‘‘ਭਾਰਤ ਜ਼ਮੀਨਦੋਜ਼ ਪਾਣੀ ਦਾ ਸਭ ਤੋਂ ਵੱਡਾ ਵਰਤੋਂ ਕਰਨ ਵਾਲਾ ਅਤੇ ਖੇਤਰੀ ਅਤੇ ਗਲੋਬਲ ਭੋਜਨ ਸਪਲਾਈ ਲਈ ਇਕ ਮਹੱਤਵਪੂਰਨ ਸਰੋਤ ਹੈ ਜਿਸ ਕਾਰਨ ਇਹ ਚਿੰਤਾ ਦਾ ਵਿਸ਼ਾ ਹੈ।’’

ਅਧਿਐਨ ’ਚ ਜਲਵਾਯੂ ਤਪਸ਼ ਕਾਰਨ ਜ਼ਮੀਨਦੋਜ਼ ਪਾਣੀ ਦੇ ਸ਼ੋਸ਼ਣ ’ਚ ਹਾਲ ਹੀ ਦੇ ਬਦਲਾਅ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਦੇ ਤਹਿਤ, ਭਾਰਤ ’ਚ ਭੂਮੀਗਤ ਪਾਣੀ ਦੇ ਪੱਧਰ ਦੇ ਇਤਿਹਾਸਕ ਅੰਕੜੇ ਅਤੇ ਭਵਿੱਖ ’ਚ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਗਿਆ ਸੀ। ਖੋਜਕਰਤਾਵਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਇਸ ਨੇ ਗਰਮ ਹਾਲਾਤ ’ਚ ਸਿੰਚਾਈ ਵਧਾਉਣ ਦੀ ਜ਼ਰੂਰਤ ਨੂੰ ਵੀ ਨੋਟ ਕੀਤਾ, ਜਿਸ ਨਾਲ ਪਾਣੀ ਦੀ ਮੰਗ ਵਧਣ ਦੀ ਸੰਭਾਵਨਾ ਹੈ।

ਅਧਿਐਨ ਦੇ ਮੁੱਖ ਲੇਖਕ ਨਿਸ਼ਾਨ ਭੱਟਾਰਾਈ ਨੇ ਕਿਹਾ, ‘‘ਸਾਡੇ ਮਾਡਲ ਅਨੁਮਾਨਾਂ ਦੀ ਵਰਤੋਂ ਕਰਦੇ ਹੋਏ, ਅਸੀਂ ਅੰਦਾਜ਼ਾ ਲਗਾਇਆ ਹੈ ਕਿ ਹੁਣ ਦੇ ਸਮਾਨ ਸਥਿਤੀ ’ਚ ਤਾਪਮਾਨ ਵਧਣ ਨਾਲ ਭਵਿੱਖ ’ਚ ਜ਼ਮੀਨਦੋਜ਼ ਪਾਣੀ ’ਚ ਤਿੰਨ ਗੁਣਾ ਕਮੀ ਹੋ ਸਕਦੀ ਹੈ ਅਤੇ ਦਖਣੀ ਤੇ ਮੱਧ ਭਾਰਤ ਸਮੇਤ ਬਹੁਤ ਜ਼ਿਆਦਾ ਵਰਤੋਂ ਵਾਲੇ ਇਲਾਕੇ ਫੈਲ ਸਕਦੇ ਹਨ।’’ ਖੋਜਕਰਤਾਵਾਂ ਨੇ ਕਿਹਾ ਕਿ ਜ਼ਿਆਦਾਤਰ ਮਾਡਲਾਂ ਨੇ ਆਉਣ ਵਾਲੇ ਦਹਾਕਿਆਂ ’ਚ ਭਾਰਤ ’ਚ ਵਧੇ ਹੋਏ ਤਾਪਮਾਨ, ਮਾਨਸੂਨ ਦੀ ਬਾਰਿਸ਼ (ਜੂਨ ਤੋਂ ਸਤੰਬਰ) ’ਚ ਵਾਧਾ ਅਤੇ ਸਰਦੀਆਂ ਦੇ ਮੌਸਮ ’ਚ ਘੱਟ ਵਰਖਾ ਹੋਣ ਦਾ ਅਨੁਮਾਨ ਲਗਾਇਆ ਹੈ। ਭੱਟਾਰਾਈ ਨੇ ਕਿਹਾ ਕਿ ਜ਼ਮੀਨਦੋਜ਼ ਪਾਣੀ ਨੂੰ ਬਚਾਉਣ ਲਈ ਨੀਤੀਆਂ ਅਤੇ ਦਖਲਅੰਦਾਜ਼ੀ ਤੋਂ ਬਗ਼ੈਰ, ਭਾਰਤ ’ਚ ਵੱਧ ਰਹੇ ਤਾਪਮਾਨ ਕਾਰਨ ਧਰਤੀ ਹੇਠਲੇ ਪਾਣੀ ਦੇ ਘਟਣ ਦੀ ਸਮੱਸਿਆ ਦੇਸ਼ ਦੀ ਭੋਜਨ ਅਤੇ ਪਾਣੀ ਦੀ ਸੁਰੱਖਿਆ ਨੂੰ ਹੋਰ ਵਧਾ ਸਕਦੀ ਹੈ। (ਪੀਟੀਆਈ)