ਮੈਂ ਆਪਣੀ ਜ਼ਿੰਦਗੀ ਵਿੱਚ ਨਸਲਵਾਦ ਦਾ ਅਨੁਭਵ ਕੀਤਾ ਹੈ - ਸੁਨਕ
ਕਿਹਾ ਨਸਲਵਾਦ ਨਾਲ ਨਜਿੱਠਣ ਵਿੱਚ ਸਾਡੇ ਦੇਸ਼ ਨੇ ਸ਼ਾਨਦਾਰ ਤਰੱਕੀ ਕੀਤੀ ਹੈ
ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਨਸਲਵਾਦ ਦਾ ਸਾਹਮਣਾ ਕੀਤਾ ਸੀ, ਪਰ ਹੁਣ ਦੇਸ਼ ਨੇ ਇਸ ਸਥਿਤੀ ਨਾਲ ਨਜਿੱਠਣ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ।
ਭਾਰਤੀ ਮੂਲ ਦੇ ਬ੍ਰਿਟਿਸ਼ ਆਗੂ ਨੇ ਵੀਰਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ, ਜੋ ਉਨ੍ਹਾਂ ਨੇ ਬਕਿੰਘਮ ਪੈਲੇਸ (ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹਾਇਸ਼) 'ਚ ਨਸਲਵਾਦ ਦਾ ਮਾਮਲਾ ਸਾਹਮਣੇ ਆਉਣ ਦੇ ਪਿਛੋਕੜ 'ਚ ਕੀਤਾ। ਸ਼ਾਹੀ ਮਹਿਲ 'ਚ ਤਾਇਨਾਤ ਇੱਕ ਸੀਨੀਅਰ ਸਟਾਫ਼ ਮੈਂਬਰ ਵੱਲੋਂ ਇੱਕ ਗ਼ੈਰ-ਗੋਰੇ ਬ੍ਰਿਟਿਸ਼ ਚੈਰਿਟੀ ਕਰਮਚਾਰੀ ਕੋਲੋਂ ਉਸ ਦੇ ਮੂਲ ਸਥਾਨ ਬਾਰੇ ਵਾਰ-ਵਾਰ ਪੁੱਛਣ ਤੋਂ ਬਾਅਦ ਪ੍ਰਿੰਸ ਵਿਲੀਅਮ ਦੀ 'ਗਾਡਮਦਰ' ਨੂੰ ਅਸਤੀਫ਼ਾ ਦੇਣਾ ਪਿਆ ਸੀ।
ਇਸ ਪੂਰੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਸੁਨਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੈਲੇਸ ਦੇ ਮਾਮਲਿਆਂ 'ਤੇ ਟਿੱਪਣੀ ਕਰਨਾ ਉਚਿਤ ਨਹੀਂ ਹੈ, ਅਤੇ ਇਸ ਮਾਮਲੇ 'ਚ ਕੀਤੀ ਗਈ ਕਾਰਵਾਈ ਵੱਲ ਇਸ਼ਾਰਾ ਕੀਤਾ।
ਉਨ੍ਹਾਂ ਕਿਹਾ, ''ਸ਼ਾਹੀ ਮਹਿਲ ਨਾਲ ਜੁੜੇ ਮਾਮਲੇ 'ਤੇ ਟਿੱਪਣੀ ਕਰਨਾ ਮੇਰੇ ਲਈ ਉਚਿਤ ਨਹੀਂ ਹੈ। ਹਾਲਾਂਕਿ, ਅਸੀਂ ਦੇਖਿਆ ਹੈ ਕਿ ਉਨ੍ਹਾਂ ਨੇ ਜੋ ਵੀ ਵਾਪਰਿਆ ਉਸ ਨੂੰ ਸਵੀਕਾਰ ਕੀਤਾ, ਅਤੇ ਉਸ ਲਈ ਮੁਆਫ਼ੀ ਮੰਗੀ।
ਸੁਨਕ ਭਾਰਤੀ ਮੂਲ ਦੇ ਮਾਪਿਆਂ ਦੀ ਬਰਤਾਨਵੀ ਔਲਾਦ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਲੰਡਨ ਤੋਂ ਚੱਲਦੀ ਧਾਰਮਿਕ ਸੰਸਥਾ ਸਿਸਤਾਹ ਸਪੇਸ ਦੀ ਸੰਸਥਾਪਕ ਨਗੋਜੀ ਫੁਲਾਨੀ ਅਤੇ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਨਜ਼ਦੀਕੀ ਸਹਿਯੋਗੀ ਲੇਡੀ ਸੁਜੈਨ ਹੈਸ ਨਾਲ ਸੰਬੰਧਿਤ ਘਟਨਾ ਦੀ ਜਾਣਕਾਰੀ ਹੋਣ 'ਤੇ ਉਹ ਕਿਵੇਂ ਮਹਿਸੂਸ ਕਰਦੇ ਹਨ, ਤਾਂ ਸੁਨਕ ਨੇ ਕਿਹਾ, "ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ, ਮੈਂ ਆਪਣੀ ਜ਼ਿੰਦਗੀ ਵਿੱਚ ਨਸਲਵਾਦ ਦਾ ਅਨੁਭਵ ਕੀਤਾ ਹੈ, ਪਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੋ ਮੈਂ ਬਚਪਨ ਅਤੇ ਜਵਾਨੀ ਵੇਲੇ ਅਨੁਭਵ ਕੀਤਾ, ਮੈਂ ਮੰਨਦਾ ਹਾਂ ਕਿ ਹੁਣ ਲੋਕ ਅਨੁਭਵ ਨਹੀਂ ਕਰਦੇ ਕਿਉਂਕਿ ਨਸਲਵਾਦ ਦਾ ਮੁਕਾਬਲਾ ਕਰਨ ਲਈ ਸਾਡੇ ਦੇਸ਼ ਨੇ ਸ਼ਾਨਦਾਰ ਤਰੱਕੀ ਕੀਤੀ ਹੈ।
ਸੁਨਕ ਨੇ ਕਿਹਾ, "ਪਰ ਕੰਮ ਖਤਮ ਨਹੀਂ ਹੋਇਆ ਹੈ ਅਤੇ ਇਸ ਲਈ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਤਾਂ ਅਸੀਂ ਇਸ ਦਾ ਵਿਰੋਧ ਜ਼ਰੂਰ ਕਰਦੇ ਹਾਂ। ਇਹ ਸਹੀ ਹੈ ਕਿ ਅਸੀਂ ਲਗਾਤਾਰ ਸਬਕ ਸਿੱਖਦੇ ਹਾਂ ਅਤੇ ਬਿਹਤਰ ਭਵਿੱਖ ਲਈ ਅੱਗੇ ਵਧਦੇ ਹਾਂ।"
ਨਸਲਵਾਦ ਦਾ ਮੁੱਦਾ ਇਸ ਹਫਤੇ ਲੋਕਾਂ ਦੇ ਸਾਹਮਣੇ ਆਇਆ ਜਦੋਂ ਫੁਲਾਨੀ ਨੇ ਖੁਲਾਸਾ ਕੀਤਾ ਕਿ ਮਹਾਰਾਣੀ ਕੈਮਿਲਾ ਦੁਆਰਾ ਆਯੋਜਿਤ ਇੱਕ ਦਾਅਵਤ ਦੌਰਾਨ ਲੇਡੀ ਹਸੇ ਨੇ ਉਨ੍ਹਾਂ ਦੇ ਨਾਮ ਦਾ ਬੈਜ ਦੇਖਣ ਲਈ ਵਾਲ ਹਟਾਏ। ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਅਫਰੀਕਾ ਦੇ ਕਿਹੜੇ ਹਿੱਸੇ ਤੋਂ ਆਈ ਹੈ, ਜਿਸ ਤੋਂ ਬਾਅਦ ਉਸ ਨੇ ਕਈ ਵਾਰ ਦੱਸਿਆ ਕਿ ਉਹ ਬ੍ਰਿਟਿਸ਼ ਹੈ।
ਕੇਨਸਿੰਗਟਨ ਪੈਲੇਸ ਦੇ ਬੁਲਾਰੇ ਨੇ ਇਸ ਸਾਰੇ ਘਟਨਾਕ੍ਰਮ 'ਤੇ ਸਫ਼ਾਈ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਿੰਸ ਆਫ ਵੇਲਜ਼ ਵਿਲੀਅਮ ਅਤੇ ਵੇਲਜ਼ ਦੀ ਰਾਜਕੁਮਾਰੀ ਕੇਟ ਦਾ ਮੰਨਣਾ ਹੈ ਕਿ ਟਿੱਪਣੀਆਂ 'ਅਸਵੀਕਾਰਨਯੋਗ' ਹਨ ਅਤੇ 'ਨਸਲਵਾਦ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ।'