Russia Ukraine War: ਪੰਜ ਮਹੀਨਿਆਂ ’ਚ ਰੂਸ ਨੇ ਗਵਾਏ 20 ਹਜ਼ਾਰ ਤੋਂ ਜ਼ਿਆਦਾ ਫ਼ੌਜੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਤਕ 1,00,000 ਰੂਸੀ ਫ਼ੌਜੀ ਜ਼ਖ਼ਮੀ ਹੋਏ

Image: For representation purpose only



ਵਾਸ਼ਿੰਗਟਨ:  ਅਮਰੀਕਾ ਨੇ ਕਿਹਾ ਹੈ ਕਿ ਯੂਕਰੇਨ ਵਿਚ ਲਗਾਤਾਰ ਰੂਸੀ ਹਮਲਿਆਂ ਦੌਰਾਨ ਦਸੰਬਰ ਤੋਂ ਹੁਣ ਤਕ 1,00,000 ਰੂਸੀ ਫ਼ੌਜੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 20,000 ਮਾਰੇ ਗਏ ਹਨ। ਯੂਕਰੇਨ ਦੇ ਪੂਰਬੀ ਡੋਨੇਟਸਕ ਖੇਤਰ ਵਿਚ ਰੂਸੀ ਅਤੇ ਯੂਕਰੇਨੀ ਫ਼ੌਜਾਂ ਵਿਚਾਲੇ ਭਿਆਨਕ ਸੰਘਰਸ਼ ਜਾਰੀ ਹੈ, ਜਿਥੇ ਰੂਸ ਬਖਮੁਤ ਸ਼ਹਿਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਹ ਅਨੁਮਾਨ ਹਾਲ ਹੀ ਵਿਚ ਜਨਤਕ ਕੀਤੀ ਗਈ ਨਵੀਂ ਅਮਰੀਕੀ ਖੁਫ਼ੀਆ ਜਾਣਕਾਰੀ 'ਤੇ ਅਧਾਰਤ ਹੈ।

ਇਹ ਵੀ ਪੜ੍ਹੋ: ਕਪੂਰਥਲਾ 'ਚ ਸਾਬਕਾ ਸਰਪੰਚ ਦੇ ਘਰ 'ਚ ਵੜ ਕੇ ਅਣਪਛਾਤਿਆਂ ਨੇ ਚਲਾਈਆਂ ਅੰਨ੍ਹਵਾਹ ਗੋਲੀਆਂ

ਉਨ੍ਹਾਂ ਇਹ ਨਹੀਂ ਦਸਿਆ ਕਿ ਖੁਫ਼ੀਆ ਭਾਈਚਾਰੇ ਨੇ ਇਹ ਅਨੁਮਾਨ ਕਿਸ ਆਧਾਰ 'ਤੇ ਲਾਇਆ ਸੀ। ਅਮਰੀਕਾ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿਚ ਅੱਧੇ ਵੈਗਨਰ ਕੰਪਨੀ ਦੇ ਹਨ, ਜੋ ਕਿ ਇਕ ਪ੍ਰਾਈਵੇਟ ਕੰਟਰੈਕਟ ਕੰਪਨੀ ਹੈ। ਜੇਕਰ ਇਹ ਜਾਣਕਾਰੀ ਸਹੀ ਹੈ ਤਾਂ ਰੂਸੀ ਜ਼ਖ਼ਮੀ ਲੜਾਕਿਆਂ ਦੀ ਗਿਣਤੀ ਜੰਗ ਤੋਂ ਪਹਿਲਾਂ ਦੇ ਕਰੀਬ ਸੱਤਰ ਹਜ਼ਾਰ ਦੇ ਪੂਰਬੀ ਸ਼ਹਿਰ ਦੀ ਆਬਾਦੀ ਨਾਲੋਂ ਵੱਧ ਹੈ। ਰੂਸ ਪਿਛਲੇ ਇਕ ਸਾਲ ਤੋਂ ਬਖਮੁਤ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸ਼ਹਿਰ ਕਾਫ਼ੀ ਛੋਟਾ ਹੈ ਅਤੇ ਇਸ ਵਿਚ ਸਿਰਫ਼ ਕੁੱਝ ਹਜ਼ਾਰ ਨਾਗਰਿਕ ਰਹਿੰਦੇ ਹਨ। ਬਖਮੁਤ ਰੂਸ ਅਤੇ ਯੂਕਰੇਨ ਲਈ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ: ਰੂਸ ਦਾ ਦਾਅਵਾ: ਯੂਕਰੇਨ ਨੇ ਵਲਾਦੀਮੀਰ ਪੁਤਿਨ ਨੂੰ ਮਾਰਨ ਲਈ ਕ੍ਰੇਮਲਿਨ 'ਤੇ ਕੀਤਾ ਡਰੋਨ ਹਮਲਾ

ਜੇਕਰ ਯੂਕਰੇਨੀ ਅਧਿਕਾਰੀਆਂ ਦੀ ਮੰਨੀਏ ਤਾਂ ਰੂਸ ਵੱਧ ਤੋਂ ਵੱਧ ਰੂਸੀ ਸੈਨਿਕਾਂ ਨੂੰ ਮਾਰਨ ਅਤੇ ਅਪਣੇ ਭੰਡਾਰ ਨੂੰ ਘਟਾਉਣ ਲਈ ਜੰਗ ਦੀ ਵਰਤੋਂ ਕਰ ਰਿਹਾ ਹੈ। ਹਾਲਾਂਕਿ, ਯੂਕਰੇਨ ਹੁਣ ਸ਼ਹਿਰ ਦੇ ਸਿਰਫ਼ ਇਕ ਛੋਟੇ ਹਿੱਸੇ ਨੂੰ ਕੰਟਰੋਲ ਕਰਦਾ ਹੈ। ਕਿਰਬੀ ਨੇ ਕਿਹਾ ਕਿ ਬਖਮੁਤ ਦੇ ਜ਼ਰੀਏ ਡੋਨਬਾਸ 'ਚ ਰੂਸ ਦੀ ਵੱਡੀ ਪੱਧਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਅਸਫ਼ਲ ਰਹੀ ਹੈ। ਰੂਸ ਕਿਸੇ ਵੀ ਅਸਲ ਰਣਨੀਤਕ ਅਤੇ ਮਹੱਤਵਪੂਰਨ ਖੇਤਰ 'ਤੇ ਕਬਜ਼ਾ ਕਰਨ ਵਿਚ ਅਸਮਰਥ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਅਨੁਮਾਨ ਹੈ ਕਿ 20,000 ਲੜਾਕਿਆਂ ਦੇ ਨਾਲ ਕਾਰਵਾਈ ਵਿਚ ਰੂਸ ਦੇ ਇਕ ਲੱਖ 100,000 ਤੋਂ ਵੱਧ ਸੈਨਿਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਵਿਜੀਲੈਂਸ ਸਾਹਮਣੇ ਪੇਸ਼ ਹੋਏ ਕੁਲਦੀਪ ਵੈਦ, 8 ਮਈ ਨੂੰ ਮੁੜ ਹੋਵੇਗੀ ਪੇਸ਼ੀ

ਅਮਰੀਕਾ ਦੇ ਅੰਕੜਿਆਂ ਮੁਤਾਬਕ ਦਸੰਬਰ ਦੀ ਸ਼ੁਰੂਆਤ ਤੋਂ ਰੂਸ ਨੂੰ ਬਖਮੁਤ 'ਚ ਨੁਕਸਾਨ ਹੋਇਆ ਹੈ। ਕਿਰਬੀ ਨੇ ਕਿਹਾ ਕਿ ਮਹੀਨਿਆਂ ਦੀ ਲੜਾਈ ਅਤੇ ਅਸਧਾਰਨ ਨੁਕਸਾਨ ਤੋਂ ਬਾਅਦ, ਰੂਸ ਦੇ ਹਮਲੇ ਦੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਅਜੇ ਤਕ ਜ਼ਖ਼ਮੀ ਯੂਕਰੇਨੀ ਸੈਨਿਕਾਂ ਦੀ ਗਿਣਤੀ ਦਾ ਅਨੁਮਾਨ ਨਹੀਂ ਹੈ। ਉਨ੍ਹਾਂ ਮੁਤਾਬਕ ਯੂਕਰੇਨ ਪੀੜਤ ਹੈ ਅਤੇ ਰੂਸ ਤੇਜ਼ੀ ਨਾਲ ਹਮਲਾਵਰ ਹੁੰਦਾ ਜਾ ਰਿਹਾ ਹੈ। ਅਮਰੀਕਾ ਦੇ ਇਨ੍ਹਾਂ ਅੰਕੜਿਆਂ 'ਤੇ ਰੂਸ ਵਲੋਂ ਅਜੇ ਤਕ ਕੋਈ ਟਿਪਣੀ ਨਹੀਂ ਆਈ ਹੈ।