ਮੋਗਾਦਿਸ਼ੂ 'ਚ ਕਾਰ ਬੰਬ ਧਮਾਕਾ, 6 ਮੌਤਾਂ
ਮੋਗਾਦਿਸ਼ੂ 'ਚ ਐਤਵਾਰ ਨੂੰ ਸਥਾਨਕ ਸਰਕਾਰੀ ਦਫ਼ਤਰ 'ਚ ਇਕ ਆਤਮਘਾਤੀ ਕਾਰ ਦੇ ਟਕਰਾਉਣ ਤੋਂ ਬਾਅਦ ਹੋਏ ਧਮਾਕੇ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ..............
ਮੋਗਾਦਿਸ਼ੂ : ਮੋਗਾਦਿਸ਼ੂ 'ਚ ਐਤਵਾਰ ਨੂੰ ਸਥਾਨਕ ਸਰਕਾਰੀ ਦਫ਼ਤਰ 'ਚ ਇਕ ਆਤਮਘਾਤੀ ਕਾਰ ਦੇ ਟਕਰਾਉਣ ਤੋਂ ਬਾਅਦ ਹੋਏ ਧਮਾਕੇ 'ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ। ਕਾਰ ਬੰਬ ਧਮਾਕੇ ਨਾਲ ਇਮਾਰਤ ਤੇ ਕੁਰਾਨਿਕ ਸਕੂਲ ਦਾ ਪਿੱਛਲਾ ਹਿੱਸਾ ਨੁਕਸਾਨਿਆ ਗਿਆ। ਪੁਲਿਸ ਅਧਿਕਾਰੀ ਅਬਦੁੱਲਾਹੀ ਹੁਸੈਨ ਨੇ ਦੱਸਿਆ ਵਿਸਫ਼ੋਟਕਾਂ ਨਾਲ ਲੱਦੀ ਕਾਰ ਨੇ ਮੋਗਾਦਿਸ਼ੂ 'ਚ ਹਵਲਵਾਡਗ ਜ਼ਿਲ੍ਹਾ ਦਫ਼ਤਰ 'ਚ ਟੱਕਰ ਮਾਰੀ, ਜਿਸ 'ਚ ਜਵਾਨਾਂ, ਨਾਗਰਿਕਾਂ ਤੇ ਆਤਮਘਾਤੀ ਹਮਲਾਵਰ ਸਣੇ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋਏ ਹਨ।
ਉਨ੍ਹਾਂ ਨੇ ਦੱਸਿਆ ਕਿ ਹਮਲੇ ਦੇ ਸਮੇਂ ਸਕੂਲ ਖੁੱਲ੍ਹਾ ਸੀ ਪਰ ਗਨੀਮਤ ਰਹੀ ਕਿ ਉਸ ਵੇਲੇ ਜ਼ਿਆਦਾਤਰ ਵਿਦਿਆਰਥੀ ਸਕੂਲ ਦੀ ਇਮਾਰਤ ਤੋਂ ਨਿਕਲਕੇ ਖੁੱਲ੍ਹੇ ਮੈਦਾਨ 'ਚ ਸਨ। ਹਮਲੇ ਨੂੰ ਅੰਜਾਮ ਦੇਣ ਵਾਲੇ ਇਸਲਾਮੀ ਅਤਿਵਾਦੀ ਸਮੂਹ ਅਲ ਸ਼ਬਾਬ ਨੇ ਕਿਹਾ ਕਿ ਹਵਲਵਡਾਗ ਜ਼ਿਲ੍ਹਾ ਦਫ਼ਤਰ ਦੇ ਪਿਛਲੇ ਹਿੱਸੇ 'ਤੇ ਹਮਲਾ ਹੋਇਆ, ਜਿਸ ਨਾਲ ਨੇੜੇ ਦੀ ਮਸਜਿਦ ਦੀ ਛੱਤ ਤੇ ਨੇੜੇ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।
ਇਕ ਚਸ਼ਮਦੀਦ ਨੇ ਦੱਸਿਆ ਕਿ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਅਜੇ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਤੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀ ਛੱਤ ਤੱਕ ਉਡ ਗਈ ਤੇ ਨੇੜੇ ਦੇ ਘਰ ਵੀ ਨੁਕਸਾਨੇ ਗਏ। (ਏਜੰਸੀ)