ਹਜ਼ਾਰਾਂ ਫੁੱਟ ਦੀ ਉਚਾਈ ‘ਤੇ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ
ਕੋਲਕਾਤਾ ਵਿਚ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ: ਓਮਾਨ ਤੋਂ ਦੋਹਾ ਜਾ ਰਹੀ ਫਲਾਈਟ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਥਾਈਲੈਂਡ ਦੀ ਇਕ ਗਰਭਵਤੀ ਔਰਤ ਨੂੰ ਦਰਦ ਸ਼ੁਰੂ ਹੋ ਗਿਆ ਅਤੇ ਕੁਝ ਦੇਰ ਬਾਅਦ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਤੁਰੰਤ ਬਾਅਦ ਕਤਰ ਏਅਰਲਾਈਨ ਦੇ ਜਹਾਜ਼ ਦੀ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ।
ਅਧਿਕਾਰੀਆਂ ਅਨੁਸਾਰ ਥਾਈਲੈਂਡ ਦੀ ਰਹਿਣ ਵਾਲੀ 23 ਸਾਲਾ ਗਰਭਵਤੀ ਔਰਤ ਨੂੰ ਜਹਾਜ਼ ਵਿਚ ਹੀ ਦਰਦ ਸ਼ੁਰੂ ਹੋ ਗਿਆ। ਉਸ ਦੇ ਸਾਥੀਆਂ ਨੇ ਕੈਬਿਨ ਕਰੂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਮਦਦ ਨਾਲ ਔਰਤ ਦੀ ਡਿਲੀਵਰੀ ਕਰਵਾਈ ਗਈ।
ਪਾਇਲਟਸ ਨੇ ਏਟੀਸੀ ਨੂੰ ਬੱਚੇ ਦੇ ਜਨਮ ਦੀ ਜਾਣਕਾਰੀ ਦਿੱਤੀ। ਏਟੀਸੀ ਦੀ ਇਜਾਜ਼ਤ ਤੋਂ ਬਾਅਦ ਮੰਗਲਵਾਰ ਸਵੇਰੇ ਕਰੀਬ ਸਵਾ 3 ਵਜੇ ਕੋਲਕਾਤਾ ਦੇ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਮਹਿਲਾ ਯਾਤਰੀ ਅਤੇ ਉਸ ਦੇ ਬੱਚੇ ਨੂੰ ਇਕ ਨਿੱਜੀ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਮਾਂ ਅਤੇ ਬੱਚੇ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਦੋਵੇਂ ਡਾਕਟਰਾਂ ਦੀ ਨਿਗਰਾਨੀ ਵਿਚ ਹਨ।