ਆਈਐਸ ਮੁਖੀ ਬਗ਼ਦਾਦੀ ਦਾ ਮੁੰਡਾ ਮਾਰਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੀਰੀਆ ਦੇ ਹੇਮੰਤ ਸੂਬੇ ਵਿਚ ਜਿਹਾਦੀਆਂ ਦੇ ਇਕ ਹਮਲੇ ਦੌਰਾਨ ਇਸਲਾਮਕ ਸਟੇਟ ਅਤਿਵਾਦੀ ਸੰਗਠਨ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦਾ ਮੁੰਡਾ...

al bagdadi, Hadiafah al-Badri

ਬੇਰੂਤ : ਸੀਰੀਆ ਦੇ ਹੇਮੰਤ ਸੂਬੇ ਵਿਚ ਜਿਹਾਦੀਆਂ ਦੇ ਇਕ ਹਮਲੇ ਦੌਰਾਨ ਇਸਲਾਮਕ ਸਟੇਟ ਅਤਿਵਾਦੀ ਸੰਗਠਨ ਦੇ ਮੁਖੀ ਅਬੂ ਬਕਰ ਅਲ ਬਗ਼ਦਾਦੀ ਦਾ ਮੁੰਡਾ ਹਦੁਯਾਫ਼ਾਹ ਅਲ ਬਦਰੀ ਮਾਰਿਆ ਗਿਆ ਹੈ। ਆਈਐਸ ਦੀ ਪ੍ਰੋਪੇਗੰਡਾ ਏਜੰਸੀ ਅਮਾਕ ਨੇ ਕਲ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹੋਮਸ ਵਿਚ ਥਰਮਲ ਪਾਵਰ ਸਟੇਸ਼ਨ 'ਤੇ ਨੁਸਾਯਰਿਆਹ ਅਤੇ ਰੂਸ ਦੇ ਵਿਰੁਧ ਮੁਹਿੰਮ ਵਿਚ ਅਲ ਬਦਰੀ ਮਾਰਿਆ ਗਿਆ।

ਅਮਾਕ ਨੇ ਇਸ ਦੇ ਨਾਲ ਹੀ ਇਕ ਲੜਕੇ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਦੇ ਹੱਥ ਵਿਚ ਰਾਈਫ਼ਲ ਫੜੀ ਹੋਈ ਦਿਖਾਈ ਦੇ ਰਹੀ ਹੈ। ਆਈਐਸ ਨੈ 2014 ਵਿਚ ਇਰਾਕ ਦੇ ਵੱਡੇ ਹਿੱਸੇ 'ਤੇ ਕਬਜ਼ੇ ਤੋਂ ਬਾਅਦ ਸੀਰੀਆ ਅਤੇ ਇਰਾਕ ਵਿਚ ਖ਼ੁਦ ਨੂੰ ਖ਼ਲੀਫ਼ਾ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਸੀਰੀਆ ਅਤੇ ਇਰਾਕੀ ਬਲਾਂ ਦੇ ਅਤਿਵਾਦ ਵਿਰੋਧ ਮੁਹਿੰਮ ਵਿਚ ਜਿਹਾਦੀਆਂ ਨੂੰ ਕਾਫ਼ੀ ਹੱਦ ਤਕ ਖਦੇੜਿਆ ਗਿਆ।

ਪਿਛਲੇ ਸਾਲ ਇਰਾਕੀ ਸਰਕਾਰ ਨੇ ਆਈਐਸ 'ਤੇ ਜਿੱਤ ਦਾ ਐਲਾਨ ਕੀਤਾ ਸੀ ਪਰ ਫ਼ੌਜ ਹੁਣ ਵੀ ਸੀਰੀਆਈ ਹੱਦ 'ਤੇ ਜ਼ਿਆਦਾਤਰ ਮਾਰੂਥਲੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਮੁਹਿੰਮ ਚਲਾ ਰਹੀ ਹੈ। ਇਰਾਕ ਦੇ ਇਕ ਖ਼ੁਫ਼ੀਆ ਅਧਿਕਾਰੀ ਨੇ ਮਈ ਮਹੀਨੇ ਵਿਚ ਦਸਿਆ ਸੀ ਕਿ ਕਈ ਮੌਕਿਆਂ 'ਤੇ ਮ੍ਰਿਤਕ ਐਲਾਨ ਕੀਤਾ ਗਿਆ ਬਗ਼ਦਾਦੀ ਹਾਲੇ ਵੀ ਜਿੰਦਾ ਹੈ ਅਤੇ ਸੀਰੀਆ ਵਿਚ ਹੈ। ਬਗ਼ਦਾਦੀ ਨੂੰ ਧਰਤੀ 'ਤੇ ਸਭ ਤੋਂ ਲੋੜੀਂਦਾ ਵਿਅਕਤੀ ਐਲਾਨ ਕੀਤਾ ਗਿਆ ਹੈ ਅਤੇ ਅਮਰੀਕਾ ਨੇ ਉਸ ਨੂੰ ਫੜਨ ਲਈ 2 ਕਰੋੜ 50 ਲੱਖ ਡਾਲਰ ਦਾ ਇਨਾਮ ਐਲਾਨ ਕੀਤਾ ਹੋਇਆ ਹੈ। 

ਦਸ ਦਈਏ ਕਿ ਪਹਿਲਾਂ ਕਈ ਵਾਰ ਅਤਿਵਾਦੀ ਸੰਗਠਨ ਆਈਐਸ ਦੇ ਮੁਖੀ ਬਗ਼ਦਾਦੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ ਪਰ ਹਰ ਵਾਰ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਉਸ ਦਾ ਵੀਡੀਓ ਸਾਹਮਣੇ ਆ ਜਾਂਦਾ ਹੈ। ਅਤਿਵਾਦੀ ਸੰਗਠਨ ਦਾ ਕਹਿਣਾ ਹੈ ਕਿ ਬਗ਼ਦਾਦੀ ਹਾਲੇ ਵੀ ਜਿੰਦਾ ਹੈ, ਪਰ ਉਸ ਦਾ ਬੇਟਾ ਬਦਰੀ ਮਾਰਿਆ ਗਿਆ ਹੈ। ਦਸ ਦਈਏ ਕਿ ਆਈਐਸ ਅਤਿਵਾਦੀ ਸੰਗਠਨ ਬਹੁਤ ਹੀ ਖ਼ੂੰਖਾਰ ਕਿਸਮ ਦਾ ਅਤਿਵਾਦੀ ਸੰਗਠਨ ਹੈ, ਜਿਸ ਨੇ ਅਪਣੇ ਵਿਰੋਧੀਆਂ ਨੂੰ ਬਹੁਤ ਹੀ ਘਿਨੌਣੇ ਤਰੀਕੇ ਮਾਰਿਆ ਹੈ।