ਦੁਬਈ ਦੇ ਹਵਾਈ ਅੱਡਿਆਂ 'ਤੇ ਹੁਣ ਰੁਪਏ 'ਚ ਕੀਤਾ ਜਾ ਸਕੇਗਾ ਲੈਣ-ਦੇਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਰੁਪਏ ਨੂੰ ਦੂਜੀ ਮੁਦਰਾ ਵਿਚ ਤਬਦੀਲ ਨਹੀਂ ਕਰਵਾਉਣਾ ਪਵੇਗਾ

Now shop at Dubai airports using Indian Rupee

ਦੁਬਈ : ਸੰਯੁਕਤ ਅਰਬ ਅਮੀਰਾਤ ਤੋਂ ਭਾਰਤੀਆਂ ਲਈ ਇਕ ਚੰਗੀ ਖਬਰ ਹੈ। ਇਥੋਂ ਦੇ ਇਕ ਮਸ਼ਹੂਰ ਅਖਬਾਰ ਮੁਤਾਬਕ ਹੁਣ ਦੁਬਈ ਦੇ ਸਾਰੇ ਹਵਾਈ ਅੱਡਿਆਂ 'ਤੇ ਭਾਰਤੀ ਰੁਪਏ ਵਿਚ ਲੈਣ-ਦੇਣ ਕੀਤਾ ਜਾ ਸਕੇਗਾ। ਸੂਤਰਾਂ ਮੁਤਾਬਕ ਭਾਰਤੀ ਮੁਦਰਾ ਨੂੰ ਲੈਣ-ਦੇਣ ਲਈ ਸਵੀਕਾਰ ਕੀਤੇ ਜਾਣਾ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਲਈ ਚੰਗੀ ਖਬਰ ਹੈ ਕਿਉਂਕਿ ਹੁਣ ਉਨ੍ਹਾਂ ਨੂੰ ਰੁਪਏ ਨੂੰ ਦੂਜੀ ਮੁਦਰਾ ਵਿਚ ਤਬਦੀਲ ਨਹੀਂ ਕਰਵਾਉਣਾ ਪਵੇਗਾ। ਪਹਿਲਾਂ ਅਜਿਹਾ ਕਰਨ ਸਮੇਂ ਉਨ੍ਹਾਂ ਨੂੰ ਰਾਸ਼ੀ ਦਾ ਵੱਡਾ ਹਿੱਸਾ ਗਵਾਉਣਾ ਪੈਂਦਾ ਸੀ। 

'ਗਲਫ਼ ਨਿਊਜ਼' ਅਖਬਾਰ ਦੀ ਇਕ ਖਬਰ ਮੁਤਾਬਕ,''ਭਾਰਤੀ ਮੁਦਰਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤਿੰਨੇ ਟਰਮੀਨਲਾਂ ਅਤੇ ਅਲ ਮਖਤੂਮ ਹਵਾਈ ਅੱਡੇ 'ਤੇ ਸਵੀਕਾਰਯੋਗ ਹੈ।'' ਹਵਾਈ ਅੱਡੇ 'ਤੇ ਸਥਿਤ ਡਿਊਟੀ ਫ੍ਰੀ ਦੁਕਾਨ ਦੇ ਇਕ ਕਰਮਚਾਰੀ ਨੇ ਅਖਬਾਰ ਨੂੰ ਦਸਿਆ,''ਹਾਂ, ਅਸੀਂ ਭਾਰਤੀ ਰੁਪਈਆ ਲੈਣਾ ਸ਼ੁਰੂ ਕਰ ਦਿਤਾ ਹੈ।'' ਖਬਰ ਵਿਚ ਕਿਹਾ ਗਿਆ ਕਿ ਪਿਛਲੇ ਸਾਲ ਦੁਬਈ ਹਵਾਈ ਅੱਡੇ ਤੋਂ ਲੱਗਭਗ 9 ਕਰੋੜ ਯਾਤਰੀ ਗੁਜਰੇ। ਇਨ੍ਹਾਂ ਵਿਚ 1.22 ਕਰੋੜ ਭਾਰਤੀ ਸਨ। 

ਭਾਰਤੀ ਯਾਤਰੀਆਂ ਨੂੰ ਇਸ ਤੋਂ ਪਹਿਲਾਂ ਦੁਬਈ ਹਵਾਈ ਅੱਡੇ 'ਤੇ ਡਿਊਟੀ ਫ੍ਰੀ ਦੁਕਾਨਾਂ ਤੋਂ ਖਰੀਦਦਾਰੀ ਲਈ ਸਾਮਾਨ ਦੀ ਕੀਮਤ ਡਾਲਰ, ਦਿਰਹਮ ਜਾਂ ਯੂਰੋ ਵਿਚ ਚੁਕਾਉਣੀ ਪੈਂਦੀ ਸੀ। ਖਬਰ ਵਿਚ ਦਸਿਆ ਗਿਆ ਕਿ ਰੁਪਈਆ ਡਿਊਟੀ ਫ੍ਰੀ ਦੁਕਾਨਾਂ 'ਤੇ ਸਵੀਕਾਰ ਕੀਤੀ ਜਾਣ ਵਾਲੀ 16ਵੀਂ ਮੁਦਰਾ ਹੈ। ਦਸੰਬਰ 1983 ਵਿਚ ਦੂਜੀਆਂ ਮੁਦਰਾਵਾਂ ਨੂੰ ਸਵੀਕਾਰ ਕੀਤੇ ਜਾਣ ਦੀ ਸ਼ੁਰੂਆਤ ਹੋਈ ਸੀ।