ਅਤਿਵਾਦੀ ਸੰਗਠਨਾਂ ਵਿਰੁਧ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਦੇ ਵਿਰੁਧ ਨਿਰਣਾਇਕ ਫ਼ੈਸਲੇ ਲੈਣ ਦੀ ਤਿਆਰੀ ਕਰ ਰਿਹਾ ਹੈ। ਪਾਕਿ ਮੀਡੀਆ ਨੇ ਸੂਤਰਾਂ ਦੇ...

Pakistan Government

ਇਸਲਾਮਾਬਾਦ : ਪਾਕਿਸਤਾਨ ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਦੇ ਵਿਰੁਧ ਨਿਰਣਾਇਕ ਫ਼ੈਸਲੇ ਲੈਣ  ਦੀ ਤਿਆਰੀ ਕਰ ਰਿਹਾ ਹੈ। ਪਾਕਿ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸਰਕਾਰ ਜੈਸ਼-ਏ-ਮੁਹੰਮਦ ਤੋਂ ਇਲਾਵਾ ਦੂਜੇ ਪਾਬੰਦੀਸ਼ੁਦਾ ਸੰਗਠਨਾਂ ਦੇ ਵਿਰੁਧ ਨਿਰਣਾਇਕ ਫ਼ੈਸਲਾ ਲੈਣ ਜਾ ਰਹੀ ਹੈ। ਹਾਲ ਹੀ ਵਿਚ ਪਾਕਿ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਸ ਦੇ ਸੰਕੇਤ ਦਿਤੇ ਸਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਸੀ ਕਿ ਇਸ ਦਾ ਫ਼ੈਸਲਾ ਸੁਰੱਖਿਆ ਬਲਾਂ ਵਲੋਂ ਤੈਅ ਕੀਤਾ ਜਾਵੇਗਾ ਕਿ ਉਨ੍ਹਾਂ ਨੂੰ ਕਿਸ ਸਮੇ ਅਤੇ ਕਦੋਂ ਖ਼ਤਮ ਕੀਤਾ ਜਾਣਾ ਹੈ।

ਦੂਜੇ ਪਾਸੇ ਰਿਪੋਰਟਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਨ ਦੀ ਮੰਗ ਉਤੇ ਵਿਰੋਧ ਵਾਪਸ ਲੈ ਸਕਦਾ ਹੈ। ਮਸੂਦ ਉਤੇ ਰੋਕ ਲਗਾਉਣ ਲਈ ਸੰਯੁਕਤ ਰਾਸ਼‍ਟਰ (ਯੂਐਨ) ਦੀ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ, ਫ਼ਰਾਂਸ ਅਤੇ ਬ੍ਰਿਟੇਨ ਨੇ ਪ੍ਰਸਤਾਵ ਪੇਸ਼ ਕੀਤਾ ਹੈ। ਮਸੂਦ ਉਤੇ ਰੋਕ ਲਗਾਉਣ ਲਈ ਯੂਐਨ ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਉਤੇ ਚੀਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।

ਫ਼ਰਾਂਸ, ਅਮਰੀਕਾ ਅਤੇ ਬ੍ਰਿਟੇਨ ਨੇ ਅਪਣੇ ਪ੍ਰਸਤਾਵ ਵਿਚ ਮਸੂਦ ਦੀਆਂ ਸੰਸਾਰਿਕ ਯਾਤਰਾਵਾਂ ਉਤੇ ਰੋਕ ਲਗਾਉਣ ਅਤੇ ਉਸ ਦੀ ਸਾਰੀ ਜ਼ਾਇਦਾਦ ਜ਼ਬਤ ਕਰਨ ਦੀ ਮੰਗ ਵੀ ਰੱਖੀ ਹੈ। ਪਾਕਿਸਤਾਨ ਦੇ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਇਕ ਵੱਡੇ ਨੀਤੀਗਤ ਫ਼ੈਸਲੇ ਦੇ ਚਲਦੇ ਪਾਕਿਸਤਾਨ ਮਸੂਦ ਅਜ਼ਹਰ ਦੇ ਵਿਰੁਧ ਨਿਰਣਾਇਕ ਫ਼ੈਸਲਾ ਲੈ ਸਕਦਾ ਹੈ।

ਇਕ ਸੀਨੀਅਰ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿਸ ਤਰ੍ਹਾਂ ਦੇ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਕੋਈ ਸ਼ਖ਼ਸ ਜ਼ਿਆਦਾ ਅਹਿਮੀਅਤ ਰੱਖਦਾ ਹੈ, ਜਾਂ ਫਿਰ ਦੇਸ਼। ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਦੀ ਬੈਠਕ ਅਗਲੇ 10 ਦਿਨਾਂ ਦੇ ਅੰਦਰ ਹੋਣੀ ਹੈ। ਪਾਕਿਸਤਾਨ ਨੂੰ ਇਸ ਦੌਰਾਨ ਪ੍ਰਸਤਾਵ ਉਤੇ ਵਿਚਾਰ ਕਰਨਾ ਹੈ।

ਵੀਟੋ ਪਾਵਰ ਵਾਲੇ ਤਿੰਨ ਦੇਸ਼ਾਂ ਅਮਰੀਕਾ, ਫ਼ਰਾਂਸ ਅਤੇ ਬ੍ਰਿਟੇਨ ਵਲੋਂ ਨਵਾਂ ਪ੍ਰਸਤਾਵ ਜਾਰੀ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਇਸ ਉਤੇ ਅਪਣਾ ਪੱਖ ਚੁਣਨਾ ਹੋਵੇਗਾ। ਮਸੂਦ ਅਜ਼ਹਰ ਨੂੰ ਸੰਸਾਰਿਕ ਅਤਿਵਾਦੀ ਐਲਾਨ ਕਰਨ ਲਈ ਯੂਐਨ ਵਿਚ ਇਹ ਚੌਥਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਭਾਰਤ ਪਿਛਲੇ 10 ਸਾਲ ਤੋਂ ਜੈਸ਼ ਚੀਫ਼ ਉਤੇ ਰੋਕ ਦੀ ਮੰਗ ਕਰ ਰਿਹਾ ਹੈ। 2009 ਵਿਚ ਭਾਰਤ ਨੇ ਯੂਐਨ ਵਿਚ ਇਹ ਪ੍ਰਸਤਾਵ ਰੱਖਿਆ ਸੀ। ਹਾਲਾਂਕਿ, ਸਾਰੇ ਮੌਕਿਆਂ ਉਤੇ ਵੀਟੋ ਪਾਵਰ ਰੱਖਣ ਵਾਲੇ ਚੀਨ ਨੇ ਭਾਰਤ ਦੇ ਪ੍ਰਸਤਾਵ ਉਤੇ ਅੜਿੱਕਾ ਲਗਾ ਦਿਤਾ।