ਅਮਰੀਕਾ ਤੇ ਉਤਰੀ ਕੋਰੀਆ ‘ਚ ਪ੍ਰਮਾਣੂ ਵਾਰਤਾ ਬਹਾਲ ਕਰਾਉਣ ‘ਚ ਲੱਗਿਆ ਦੱਖਣੀ ਕੋਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲੀਆ ਸਿਖਰ ਵਾਰਤਾ ਬੇਸ਼ੱਕ ਹੀ ਬੇਨਤੀਜਾ ਖਤਮ ਹੋਈ ਹੋਵੇ...

Kim Yong Un with Trump

ਸਿਓਲ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲੀਆ ਸਿਖਰ ਵਾਰਤਾ ਬੇਸ਼ੱਕ ਹੀ ਬੇਨਤੀਜਾ ਖਤਮ ਹੋਈ ਹੋਵੇ, ਪਰ ਇਸ ਦੇ ਬਾਵਜੂਦ ਦੱਖਣੀ ਕੋਰੀਆ ਨੇ ਉਮੀਦ ਨਹੀਂ ਛੱਡੀ, ਉਹ ਦੋਵਾਂ ਵਿਚਕਾਰ ਪਰਮਾਣੂ ਵਾਰਤਾ ਬਹਾਲ ਕਰਵਾਉਣ ਦੇ ਯਤਨ 'ਚ ਪੂਰੀ ਸਰਗਰਮੀ ਨਾਲ ਜੁਟ ਗਿਆ ਹੈ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਸੋਮਵਾਰ ਨੂੰ ਕਿਹਾ, 'ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਪਰਮਾਣੂ ਵਾਰਤਾ ਨੂੰ ਛੇਤੀ ਪਟੜੀ 'ਤੇ ਲਿਆਉਣ ਦਾ ਯਤਨ ਪੂਰੀ ਸਰਗਰਮੀ ਨਾਲ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਮਿਜ਼ਾਈਲ ਤੇ ਪਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਮੂਨ 2017 ਤੋਂ ਹੀ ਯਤਨ ਕਰ ਰਹੇ ਹਨ। ਇਸੇ ਦਾ ਨਤੀਜਾ ਹੈ ਕਿ ਉੱਤਰੀ ਕੋਰੀਆ ਵੀ ਸ਼ਾਂਤੀ ਦੀ ਰਾਹ 'ਤੇ ਆਇਆ ਤੇ ਪਿਛਲੇ ਸਾਲ ਕਿਮ ਤੇ ਮੂਨ ਦੀ ਪਹਿਲੀ ਸਿਖਰ ਵਾਰਤਾ ਹੋਈ।

ਇਸ ਤੋਂ ਬਾਅਦ ਪਿਛਲੇ ਸਾਲ ਜੂਨ 'ਚ ਸਿੰਗਾਪੁਰ 'ਚ ਕਿਮ ਤੇ ਟਰੰਪ ਵਿਚਕਾਰ ਪਹਿਲੀ ਸਿਖਰ ਵਾਰਤਾ ਹੋਈ। ਇਸ ਵਾਰਤਾ ਮਗਰੋਂ ਪਰਮਾਣੂ ਮਸਲੇ 'ਤੇ ਕੋਈ ਖ਼ਾਸ ਤਰੱਕੀ ਨਹੀਂ ਹੋਈ ਸੀ, ਫਿਰ ਦੋਵੇਂ ਆਗੂ ਪਿਛਲੀ 27 ਤੇ 28 ਫਰਵਰੀ ਨੂੰ ਹਨੋਈ 'ਚ ਮਿਲੇ, ਪਰ ਉੱਤਰੀ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ 'ਤੇ ਵਾਰਤਾ ਬੇਨਤੀਜਾ ਸਮਾਪਤ ਹੋ ਗਈ।

ਮੁਨ ਨੇ ਰਾਸ਼ਟਰਪਤੀ ਭਵਨ 'ਚ ਇਕ ਉੱਚ ਪੱਧਰੀ ਬੈਠਕ 'ਚ ਕਿਹਾ, ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ ਵਾਰਤਾ ਜਾਰੀ ਰੱਖਣਗੇ ਤੇ ਦੋਵੇਂ ਨੇਤਾ ਛੇਤੀ ਹੀ ਫਿਰ ਮੁਲਾਕਾਤ ਕਰਨਗੇ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕਾਂਗ ਕਿਊਂਗ-ਵਾ ਨੇ ਮੰਗਲਵਾਰ ਨੂੰ ਉੱਤਰੀ ਕੋਰੀਆ ਤੇ ਅਮਰੀਕਾ ਨਾਲ ਤ੍ਰਿਪੱਖੀ ਵਾਰਤਾ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਦੀ ਸਰਕਾਰ ਪਰਮਾਣੂ ਵਾਰਤਾ ਨੂੰ ਪਟੜੀ 'ਤੇ ਲਿਆਉਣ ਦੇ ਯਤਨ 'ਚ ਲੱਗੀ ਹੈ।