ਥਾਈਲੈਂਡ : ਗੁਫ਼ਾ 'ਚ ਪਾਣੀ ਵਧਣ ਦਾ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਥੈਮ ਲੁਆਂਗ ਗੁਫ਼ਾ 'ਚ 11 ਦਿਨ ਤੋਂ ਫਸੇ ਜੂਨੀਅਰ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਤਕ ਰਾਹਤ ਸਮਗਰੀ ਪਹੁੰਚਾ ਦਿਤੀ ਗਈ ਹੈ.........

Joint Photo of Football team Players and Coach

ਬੈਂਕਾਕ : ਥਾਈਲੈਂਡ ਦੀ ਥੈਮ ਲੁਆਂਗ ਗੁਫ਼ਾ 'ਚ 11 ਦਿਨ ਤੋਂ ਫਸੇ ਜੂਨੀਅਰ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਤਕ ਰਾਹਤ ਸਮਗਰੀ ਪਹੁੰਚਾ ਦਿਤੀ ਗਈ ਹੈ। ਇਨ੍ਹਾਂ ਨੂੰ ਬੀਤੀ 2 ਜੁਲਾਈ ਦੀ ਸ਼ਾਮ ਬ੍ਰਿਟਿਸ਼ ਗੋਤਾਖੋਰਾਂ ਨੇ ਲਭਿਆ ਸੀ। ਹੁਣ ਇਲਾਕੇ 'ਚ ਸ਼ੁਕਰਵਾਰ ਤਕ ਤੂਫ਼ਾਨ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਗੁਫ਼ਾ 'ਚ ਪਾਣੀ ਦਾ ਪੱਧਰ ਹੋਰ ਵੱਧਣ ਦਾ ਖ਼ਤਰਾ ਹੈ। ਥਾਈਲੈਂਡ ਦੀ ਫ਼ੌਜ ਦਾ ਕਹਿਣਾ ਹੈ ਕਿ ਗੁਫ਼ਾ ਤੋਂ ਬਾਹਰ ਆਉਣ ਲਈ ਇਨ੍ਹਾਂ ਬੱਚਿਆਂ ਨੂੰ ਡੁੰਘੇ ਪਾਣੀ 'ਚ ਸਾਹ ਲੈਣ ਦੇ ਤਰੀਕੇ ਸਿਖਾਏ ਜਾ ਰਹੇ ਹਨ, ਕਿਉਂਕਿ ਸਾਰੇ ਬੱਚਿਆਂ ਨੂੰ ਤੈਰਾਕੀ ਨਹੀਂ ਆਉਂਦੀ।

ਥਾਈਲੈਂਡ ਦੀ ਫ਼ੌਜ ਮੁਤਾਬਕ ਖਾਦ ਸਮਗਰੀ, ਪਾਣੀ ਅਤੇ ਦਵਾਈਆਂ ਮਿਲਣ ਤੋਂ ਬਾਅਦ ਬੱਚਿਆਂ ਦੀ ਹਾਲਤ 'ਚ ਸੁਧਾਰ ਨਜ਼ਰ ਆ ਰਿਹਾ ਹੈ। ਹਾਲਾਂਕਿ ਬੱਚਿਆਂ ਦੀ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਨਹੀਂ ਹੋਈ ਹੈ, ਕਿਉਂਕਿ ਉਨ੍ਹਾਂ ਕੋਲ ਭੇਜੇ ਗਏ ਵਾਟਰਪਰੂਫ਼ ਫ਼ੋਨ ਤੰਗ ਗੁਫ਼ਾ 'ਚ ਮੌਜੂਦ ਚਿੱਕੜ ਕਾਰਨ ਖ਼ਰਾਬ ਹੋ ਗਏ ਹਨ। ਦਰਅਸਲ ਇਹ ਸਾਰੇ ਖਿਡਾਰੀ ਅਤੇ ਕੋਚ ਜ਼ਮੀਨ ਤੋਂ ਲਗਭਗ ਇਕ ਕਿਲੋਮੀਟਰ ਅੰਦਰ ਅਜਿਹੇ ਥਾਂ 'ਤੇ ਫਸੇ ਹੋਏ ਹਨ, ਜਿਥੇ ਪਹੁੰਚਣ ਦਾ ਰਸਤਾ ਬਹੁਤ ਤੰਗ ਹੈ।

ਗੁਫ਼ਾ 'ਚ ਇੰਨਾ ਜ਼ਿਆਦਾ ਪਾਣੀ ਭਰਿਆ ਹੈ ਕਿ ਮੰਗਲਵਾਰ ਨੂੰ ਪੰਪ ਤੋਂ ਹਰ ਘੰਟੇ 10 ਹਜ਼ਾਰ ਲਿਟਰ ਪਾਣੀ ਕੱਢਣ ਦੇ ਬਾਵਜੂਦ ਇਕ ਘੰਟੇ 'ਚ ਪਾਣੀ ਦਾ ਪੱਧਰ ਇਕ ਸੈਂਟੀਮੀਟਰ ਤਕ ਹੀ ਘੱਟ ਹੋਇਆ ਸੀ। ਬਚਾਅ ਦੇ ਕੰਮ 'ਚ ਬ੍ਰਿਟੇਨ, ਚੀਨ, ਮਿਆਂਮਾਰ, ਲਾਓਸ, ਆਸਟ੍ਰੇਲੀਆ ਅਤੇ ਥਾਈਲੈਂਡ ਦੇ ਮਾਹਰਾਂ ਦੀ ਟੀਮ ਨੂੰ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ 12 ਖਿਡਾਰੀ ਅੰਡਰ-16 ਫ਼ੁਟਬਾਲ ਟੀਮ ਦੇ ਮੈਂਬਰ ਹਨ। ਇਨ੍ਹਾਂ ਦੀ ਉਮਰ 11 ਤੋਂ 16 ਸਾਲ ਵਿਚਕਾਰ ਹੈ। ਕੋਚ ਦੀ ਉਮਰ 25 ਸਾਲ ਹੈ। ਇਸ ਤਰ੍ਹਾਂ ਕੁਲ 13 ਲੋਕ ਗੁਫ਼ਾ 'ਚ ਫਸੇ ਹਨ।

ਇਹ ਸਾਰੇ ਅਭਿਆਸ ਮੈਚ ਤੋਂ ਬਾਅਦ ਗੁਫ਼ਾ ਵੇਖਣ ਗਏ ਸਨ। ਇਹ ਇਕ ਸਮੁੰਦਰੀ ਤਟ 'ਤੇ ਮੌਜੂਦ ਰਸਤੇ ਤੋਂ ਗੁਫ਼ਾ ਦੇ ਅੰਦਰ ਗਏ। ਰਸਤਾ ਬਹੁਤ ਤੰਗ ਸੀ। ਇਥੇ ਕੁੱਝ ਦੇਰ ਬਾਅਦ ਮੀਂਹ ਤੇ ਹੜ੍ਹ ਆ ਗਿਆ। ਇਸ ਸਾਰੇ ਗੁਫ਼ਾ ਅੰਦਰ ਇਕ ਕਿਲੋਮੀਟਰ ਤਕ ਪਹੁੰਚ ਚੁਕੇ ਸਨ। ਪਾਣੀ ਵਧਣ ਕਾਰਨ ਗੁਫ਼ਾ 'ਚੋਂ ਬਾਹਰ ਨਿਕਲਣ ਦਾ ਰਸਤਾ ਬੰਦ ਹੋ ਗਿਆ ਹੈ। (ਪੀਟੀਆਈ)