ਤਾਲਮੇਲ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ ਭਾਰਤ ਅਤੇ ਰੂਸ : ਮੋਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰੋਕਾਂ ਭਾਰਤ-ਰੂਸ ਸਬੰਧਾਂ ਦੇ ਰਾਹ ਵਿਚ ਰੋੜਾ ਨਹੀਂ : ਮੋਦੀ

India, Russia begin new era of cooperation to make Indo-Pacific open, free : Modi

ਵਲਾਦੀਵੋਸਤੋਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਹਿੰਦ ਪ੍ਰਸ਼ਾਂਤ ਖੇਤਰ ਨੂੰ ‘ਖੁਲ੍ਹਾ, ਆਜ਼ਾਦ ਅਤੇ ਸੰਮਲਿਤ’ ਬਣਾਉਣ ਲਈ ਇਸ ਖ਼ਿੱਤੇ ਵਿਚ ਤਾਲਮੇਲ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ। ਚੀਨ ਇਸ ਰਣਨੀਤਕ ਖੇਤਰ ਵਿਚ ਅਪਣੀ ਫ਼ੌਜੀ ਤਾਕਤ ਵਿਖਾਉਂਦਾ ਰਹਿੰਦਾ ਹੈ। ਇਥੇ ਪੰਜਵੇਂ ਈਸਟਰਨ ਇਨਨਾਮਿਕ ਫ਼ੋਰਮ ਦੇ ਮੁਕੰਮਲ ਇਜਲਾਸ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ, ‘ਜਦ ਵਲਾਦੀਵੋਸਤੋਕ ਅਤੇ ਚੇਨਈ ਵਿਚਾਲੇ ਸਮੁੰਦਰੀ ਰਾਹ ਖੁਲ੍ਹਣ ਨਾਲ ਜਹਾਜ਼ ਚਲਣੇ ਸ਼ੁਰੂ ਹੋ ਜਾਣਗੇ ਤਾਂ ਰੂਸ ਦਾ ਇਹ ਬੰਦਰਗਾਹੀ ਸ਼ਹਿਰ ਭਾਰਤ ਵਿਚ ਉੱਤਰ ਪੂਰਬ ਏਸ਼ੀਆਈ ਬਾਜ਼ਾਰ ਨੂੰ ਹੱਲਾਸ਼ੇਰੀ ਦੇਣ ਵਾਲਾ ਕੇਂਦਰ ਬਣ ਜਾਵੇਗਾ ਜਿਸ ਨਾਲ ਭਾਰਤ ਰੂਸ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।’

ਮੋਦੀ ਨੇ ਕਿਹਾ ਕਿ ਉਹ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਨ। ਰੂਸ ਦੇ ਸੁਦੂਰ ਪੂਰਬੀ ਖੇਤਰ ਵਿਚ ਚੇਨਈ ਤੇ ਵਲਾਦੀਵੋਸਤੋਕ ਦੇ ਬੰਦਰਗਾਹ ਸ਼ਹਿਰਾਂ ਵਿਚਾਲੇ ਸਮੁੰਦਰੀ ਸੰਪਰਕ ਦੇ ਵਿਕਾਸ ਲਈ ਭਾਰਤ ਅਤੇ ਰੂਸ ਨੇ ਕਲ ਸਮਝੌਤਾ ਕੀਤਾ ਸੀ। ਮੋਦੀ ਨੇ ਕਿਹਾ ਕਿ ਅਮਰੀਕੀ ਰੋਕਾਂ ਭਾਰਤ ਅਤੇ ਰੂਸ ਦੇ ਆਰਥਕ ਸਬੰਧਾਂ ਦੇ ਰਾਹ ਵਿਚ ਰੋੜਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਕ ਦੇਸ਼ ਵਿਰੁਧ ਲਾਈਆਂ ਜਾ ਰਹੀਆਂ ਪਾਬੰਦੀਆਂ ਦਾ ਹੋਰ ਦੇਸ਼ਾਂ ਦੇ ਅਰਥਚਾਰੇ ’ਤੇ ਅਸਰ ਪੈਂਦਾ ਹੈ ਜਿਸ ਬਾਰੇ ਚਿੰਤਾਵਾਂ ਹਨ ਅਤੇ ਬਹਿਸ ਹੋ ਰਹੀ ਹੈ।  

ਮੋਦੀ ਨੇ ਕਿਹਾ ਕਿ ਇਹ ਖੇਤਰ ਮਜ਼ਬੂਤ ਭਾਰਤ ਰੂਸ ਸਬੰਧਾਂ ਦਾ ਆਧਾਰ ਬਣੇਗਾ ਜਿਹੜਾ ਨਿਯਮ ਆਧਾਰਤ ਵਿਵਸਥਾ, ਖੇਤਰੀ ਅਖੰਡਤਾ ਪ੍ਰਤੀ ਸਨਮਾਨ ਦੇ ਸਿਧਾਂਤਾਂ ’ਤੇ ਆਧਾਰਤ ਹੈ ਅਤੇ ਇਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇੇਣ ਦੇ ਵਿਰੁਧ ਹੈ। ਭਾਰਤ, ਅਮਰੀਕਾ ਅਤੇ ਦੁਨੀਆਂ ਦੇ ਹੋਰ ਕਈ ਦੇਸ਼ ਖ਼ਿੱਤੇ ਵਿਚ ਚੀਨ ਦੇ ਵਧਦੇ ਫ਼ੌਜੀ ਯਤਨਾਂ ਦੀ ਪਿੱਠਭੂਮੀ ਵਿਚ ਖੁਲ੍ਹੇ, ਆਜ਼ਾਦ ਅਤੇ ਵਧਦੇ ਹੋਏ ਹਿੰਦ ਪ੍ਰਸ਼ਾਂਤ ਖੇਤਰ ਦੀ ਲੋੜ ਬਾਰੇ ਗੱਲ ਕਰਦੇ ਰਹੇ ਹਨ।  ਮੋਦੀ ਨੇ ਈਸਟਰਨ ਇਕਨਾਮਿਕ ਫ਼ੋਰਮ ਤੋਂ ਪਾਸੇ, ਦਿਨ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਵੀ ਮੁਲਾਕਾਤ ਕੀਤੀ। ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਹੋਰ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਚੀਨ ਲਗਭਗ ਪੂਰੇ ਦਖਣੀ ਚੀਨ ਸਾਗਰ ’ਤੇ ਅਪਣਾ ਦਾਅਵਾ ਕਰਦਾ ਹੈ। ਚੀਨ ਦਾ ਪੂਰਬੀ ਚੀਨ ਸਾਗਰ ਵਿਚ ਜਾਪਾਨ ਨਾਲ ਵੀ ਖੇਤਰੀ ਵਿਵਾਦ ਚੱਲ ਰਿਹਾ ਹੈ।

ਭਾਰਤ ਦੇਵੇਗਾ ਇਕ ਅਰਬ ਡਾਲਰ ਦੀ ਕਰਜ਼ਾ ਸਹੂਲਤ : ਭਾਰਤ ਨੇ ਸੁਦੂਰ ਪੂਰਬੀ ਖੇਤਰ ਦੇ ਵਿਕਾਸ ਲਈ ਰੂਸ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਸਾਧਨਾਂ ਨਾਲ ਭਰਪੂਰ ਰੂਸ ਦੇ ਸੁਦੂਰ ਖੇਤਰ ਦੇ ਵਿਕਾਸ ਲਈ ਭਾਰਤ ਉਸ ਨਾਲ ਮਿਲ ਕੇ ਚੱਲੇਗਾ। ਭਾਰਤ ਕਿਸੇ ਹੋਰ ਦੇਸ਼ ਨੂੰ ਇਸ ਤਰ੍ਹਾਂ ਦੀ ਕਰਜ਼ਾ ਸਹੂਲਤ ਦੇ ਰਿਹਾ ਹੈ, ਇਹ ਅਨੂਠਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕੰਪਨੀਆਂ ਨੇ ਤੇਲ ਅਤੇ ਗੈਸ ਦੇ ਖੇਤਰ ਵਿਚ ਨਿਵੇਸ਼ ਕੀਤਾ ਹੈ ਜਦਕਿ ਭਾਰਤ ਵਿਚ ਤੇਲ, ਰਖਿਆ ਅਤੇ ਤਕਨੀਕ ਵਿਚ ਰੂਸ ਦੀਆਂ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। 

ਭਾਰਤ, ਰੂਸ ਨੂੰ ਗਾਂਧੀ-ਟਾਲਸਟਾਏ ਦੀ ਦੋਸਤੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸੀ ਲੇਖਕ ਅਤੇ ਦਾਰਸ਼ਨਿਕ ਲਿਓ ਟਾਲਸਟਾਏ ਅਤੇ ਮਹਾਤਮਾ ਗਾਂਧੀ ਨੇ ਇਕ ਦੂਜੇ ’ਤੇ ਅਮਿਟ ਛਾਪ ਛੱਡੀ ਅਤੇ ਉਨ੍ਹਾਂ ਦੋਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਕੋਲੋਂ ਪ੍ਰੇਰਣਾ ਲੈ ਕੇ ਅਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ। ਪੂਰਬੀ ਆਰਥਕ ਮੰਚ ਦੀ ਪੰਜਵੀਂ ਬੈਠਕ ਦੇ ਮੁਕੰਮਲ ਇਜਲਾਸ ਵਿਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਇਕ ਦੂਜੇ ਦੇ ਵਿਕਾਸ ਵਿਚ ਵੱਡੇ ਹਿੱਸੇਦਾਰ ਬਣਨ। 

ਮੋਦੀ ਨੇ ਕਿਹਾ, ‘ਇਸ ਸਾਲ ਪੂਰੀ ਦੁਨੀਆਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੀ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।’ ਗਾਂਧੀ ਰੂਸੀ ਲੇਖਕ ਟਾਲਸਟਾਏ ਤੋਂ ਕਾਫ਼ੀ ਪ੍ਰੇਰਿਤ ਅਤੇ ਪ੍ਰਭਾਵਤ ਸਨ ਹਾਲਾਂਕਿ ਜੀਵਨ ਵਿਚ ਉਹ ਦੋਵੇਂ ਇਕ ਦੂਜੇ ਨੂੰ ਕਦੇ ਨਹੀਂ ਮਿਲੇ ਪਰ ਚਿੱਠੀਆਂ ਜ਼ਰੀਏ ਉਨ੍ਹਾਂ ਵਿਚਾਲੇ ਅਨੋਖਾ ਰਿਸ਼ਤਾ ਸੀ ਅਤੇ ਉਹ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਸਨ।