ਲੈਂਡਿੰਗ ਦੌਰਾਨ ਟੁਕੜਿਆਂ 'ਚ ਤਬਦੀਲ ਹੋਇਆ ਯਾਤਰੀ ਜਹਾਜ਼!

ਏਜੰਸੀ

ਖ਼ਬਰਾਂ, ਕੌਮਾਂਤਰੀ

ਖ਼ਰਾਬ ਮੌਸਮ ਕਾਰਨ ਵਾਪਰਿਆ ਹਾਦਸਾ

file photo

ਇਸਤਾਂਬੁਲ : ਤੁਰਕੀ ਦੇ ਇਸਤਾਂਬੁਲ ਵਿਖੇ ਇਕ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਖ਼ਰਾਬ ਮੌਸਮ ਦੇ ਚਲਦਿਆਂ ਵਾਪਰੇ ਇਸ ਹਾਦਸੇ ਤੋਂ ਬਾਅਦ ਜਹਾਜ਼ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗ ਗਈ। ਮੁਢਲੀਆਂ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 150 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ।

ਖ਼ਬਰਾਂ ਮੁਤਾਬਕ ਬੋਇੰਗ 737 ਜਹਾਜ਼ ਤੇਜ਼ ਹਵਾਵਾਂ ਤੇ ਭਾਰੀ ਬਾਰਸ਼ ਵਿਚਕਾਰ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ 'ਚ 171 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਇਜ਼ਮੀਰ ਸ਼ਹਿਰ ਤੋਂ ਉਡਾਣ ਭਰੀ ਸੀ। ਜਹਾਜ਼ ਨੇ ਇਸਤਾਂਬੁਲ ਦੇ ਸਾਬੀਹਾ ਗੋਜ਼ੇਨ ਏਅਰਪੋਰਟ 'ਤੇ ਉਤਰਨਾ ਸੀ।

ਇਥੇ ਲੈਂਡਿੰਗ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ 'ਤੇ ਪਹੁੰਚੀ ਐਮਰਜੈਂਸੀ ਟੀਮ ਨੇ  ਅੱਗ 'ਤੇ ਕਾਬੂ ਪਾਇਆ। ਹਾਦਸੇ ਤੋਂ ਬਾਅਦ ਦਿਲਕੰਬਾਊ ਮੰਜ਼ਰ ਸਾਹਮਣੇ ਆਇਆ। ਕੁਝ ਲੋਕ ਜਹਾਜ਼ ਦੇ ਪਿਛਲੇ ਹਿੱਸੇ ਤੋਂ ਬਾਹਰ ਆਉਂਦੇ ਦਿਖਾਈ ਦਿੱਤੇ।

ਖ਼ਬਰਾਂ ਮੁਤਾਬਕ ਹਾਦਸੇ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰ ਦਿਤਾ ਗਿਆ ਹੈ। ਏਅਰਪੋਰਟ 'ਤੇ ਹੋਰ ਉਡਾਣਾਂ ਨੂੰ ਡਾਈਵਰਟ ਕਰ ਦਿਤਾ ਗਿਆ। ਸਥਾਨਕ ਮੀਡੀਆ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਜਹਾਜ਼ 'ਚ ਸਵਾਰਾਂ ਵਿਚੋਂ ਜ਼ਿਆਦਾਤਰ ਲੋਕ ਤੁਰਕੀ ਦੇ ਸਨ। ਜਹਾਜ਼ ਵਿਚ 20 ਦੇ ਕਰੀਬ ਵਿਦੇਸ਼ੀ ਨਾਗਰਿਕ ਵੀ ਸਫਰ ਕਰ ਰਹੇ ਸਨ।

ਇਸਤਾਂਬੁਲ ਦੇ ਰਾਜਪਾਲ ਅਲੀ ਯੇਰਲੀਕਾਇਆ ਅਨੁਸਾਰ ਬਦਕਿਸਮਤੀ ਨਾਲ ਪੈਗਸਸ ਏਅਰਲਾਇੰਸ ਦਾ ਜਹਾਜ਼ ਖ਼ਰਾਬ ਮੌਸਮ ਕਰ ਕੇ ਰਨਵੇਅ 'ਤੇ ਲਗਪਗ 50-60 ਮੀਟਰ ਤਕ ਫਿਸਲ ਗਿਆ। ਸਿਹਤ ਮੰਤਰੀ ਫਹਾਰਤੀਨ ਕੋਜ਼ਾ ਨੇ ਤੁਰਕੀ ਦੇ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸਤਾਂਬੁਲ ਦੇ ਸਰਕਾਰੀ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।