ਨੇਪਾਲ : ਹਿਲਸਾ 'ਚੋਂ ਸੁਰੱਖਿਅਤ ਕੱਢੇ 250 ਸ਼ਰਧਾਲੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੇਪਾਲ ਦੇ ਹਿਲਸਾ ਤੋਂ ਲਗਭਗ 250 ਤੋਂ ਵੱਧ ਕੈਲਾਸ਼ ਮਾਨਸਰੋਵਰ ਸ਼ਰਧਾਲੂਆਂ ਨੂੰ ਸੁਰੱਖਿਅਤ ਕਢਿਆ ਗਿਆ ਹੈ...........

Pilgrims

ਕਾਠਮੰਡੂ : ਨੇਪਾਲ ਦੇ ਹਿਲਸਾ ਤੋਂ ਲਗਭਗ 250 ਤੋਂ ਵੱਧ ਕੈਲਾਸ਼ ਮਾਨਸਰੋਵਰ ਸ਼ਰਧਾਲੂਆਂ ਨੂੰ ਸੁਰੱਖਿਅਤ ਕਢਿਆ ਗਿਆ ਹੈ। ਤਿੱਬਤ 'ਚ ਕੈਲਾਸ਼ ਮਾਨ ਸਰੋਵਰ ਤੋਂ ਵਾਪਸ ਆਉਂਦਿਆਂ ਭਾਰੀ ਮੀਂਹ ਕਾਰਨ ਨੇਪਾਲ 'ਚ ਫਸੇ ਬਾਕੀ ਸ਼ਰਧਾਲੂਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਗਈਆਂ ਹਨ। ਭਾਰਤੀ ਸਫ਼ਾਰਤਖ਼ਾਨੇ ਨੇ ਇਕ ਬਿਆਨ 'ਚ ਦਸਿਆ ਕਿ ਬਾਕੀ 336 ਲੋਕਾਂ ਨੂੰ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਪਹੁੰਚਾਇਆ ਗਿਆ ਹੈ। ਹਿਲਸਾ-ਸਿਮੀਕੋਟ ਸੈਕਟਰ 'ਚ ਹੈਲੀਕਾਪਟਰਾਂ ਨੇ 50 ਉਡਾਨਾਂ ਭਰੀਆਂ ਅਤੇ ਲਗਭਗ 250 ਲੋਕਾਂ ਨੂੰ ਹਿਲਸਾ ਤੋਂ ਸੁਰੱਖਿਅਤ ਕਢਿਆ।

ਉਨ੍ਹਾਂ ਦਸਿਆ ਕਿ ਹਿਲਸਾ 'ਚ ਹੁਣ 350 ਲੋਕ ਫਸੇ ਹਨ, ਜਦਕਿ ਸਿਮੀਕੋਟ 'ਚ 643 ਲੋਕ ਫਸੇ ਹੋਏ ਹਨ। ਹਿਲਸਾ 'ਚ ਆਧਾਰਭੂਤ ਸਹੂਲਤਾਂ ਨਹੀਂ ਹਨ, ਜਦਕਿ ਸਿਮੀਕੋਟ 'ਚ ਮੁਸਾਫ਼ਰਾਂ ਨੂੰ ਉਤਾਰਨ, ਕਮਿਊਨੀਕੇਸ਼ਨ ਅਤੇ ਮੈਡੀਕਲ ਦੀ ਸਹੂਲਤ ਮੌਜੂਦ ਹੈ।  ਅਧਿਕਾਰੀ ਨੇ ਦਸਿਆ ਕਿ 17 ਯਾਤਰੀ ਜਹਾਜ਼ਾਂ, ਨੇਪਾਲ ਫ਼ੌਜ ਦੇ ਤਿੰਨ ਹੈਲੀਕਾਪਟਰਾਂ ਅਤੇ ਇਕ ਛੋਟੇ ਚਾਰਟਰ ਹੈਲੀਕਾਪਟਰ ਨੇ ਦਿਨ ਭਰ 'ਚ ਕਈ ਉਡਾਨਾਂ ਭਰੀਆਂ ਅਤੇ 336 ਲੋਕਾਂ ਨੂੰ ਸਿਮੀਕੋਟ ਤੋਂ ਸੁਰਖੇਤ ਅਤੇ ਨੇਪਾਲਗੰਜ ਪਹੁੰਚਾਇਆ। ਨੇਪਾਲਗੰਜ ਆਧੁਨਿਕ ਸਹੂਲਤਾਂ ਨਾਲ ਲੈਸ ਵੱਡਾ ਸ਼ਹਿਰ ਹੈ ਅਤੇ ਸੜਕੀ ਰਸਤੇ ਤੋਂ ਉਥੋਂ ਲਖਨਊ ਤਿੰਨ ਘੰਟੇ 'ਚ ਪਹੁੰਚਿਆ ਜਾ ਸਕਦਾ ਹੈ।

ਸਫ਼ਾਰਤਖ਼ਾਨੇ ਨੇ ਦਸਿਆ ਕਿ ਸ਼ਰਧਾਲੂਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਲਈ ਹਾਟਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ 'ਚ ਤਮਿਲ, ਤੇਲਗੂ, ਕੰਨੜ ਅਤੇ ਮਲਯਾਲਮ ਭਾਸ਼ੀ ਮੁਲਾਜ਼ਮ ਵੀ ਹਨ। ਜ਼ਿਕਰਯੋਗ ਹੈ ਕਿ ਤਿੱਬਤ 'ਚ ਸਥਿਤ ਕੈਲਾਸ਼ ਮਾਨਸਰੋਵਰ ਹਿੰਦੂਆਂ, ਬੌਧ ਤੇ ਜੈਨ ਧਰਮ ਦੇ ਲੋਕਾਂ ਲਈ ਪਵਿੱਤਰ ਥਾਵਾਂ 'ਚੋਂ ਮੰਨਿਆ ਜਾਂਦਾ ਹੈ ਅਤੇ ਹਰ ਸਾਲ ਸੈਂਕੜੇ ਸ਼ਰਧਾਲੂ ਉਥੇ ਜਾਂਦੇ ਹਨ। (ਪੀਟੀਆਈ)