ਮੱਕਾ ਬਨਾਮ ਕਰਤਾਰਪੁਰ ਸਾਹਿਬ 2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸਲ ਵਿਚ ਦੋਵਾਂ ਦੇਸ਼ਾਂ ਦੀ ਜਨਤਾ ਤਾਂ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਹਿਲਾਂ ਵਾਲੀ ਸਾਂਝ ਮੁੜ-ਸੁਰਜੀਤ ਹੋਵੇ...

Mecca vs Kartarpur

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਸਲ ਵਿਚ ਦੋਵਾਂ ਦੇਸ਼ਾਂ ਦੀ ਜਨਤਾ ਤਾਂ ਚਾਹੁੰਦੀ ਹੈ ਕਿ ਉਨ੍ਹਾਂ ਦੀ ਪਹਿਲਾਂ ਵਾਲੀ ਸਾਂਝ ਮੁੜ-ਸੁਰਜੀਤ ਹੋਵੇ। ਉਹ ਫਿਰ ਤੋਂ ਇਕ ਦੂਜੇ ਦੇ ਗਲ ਲੱਗ ਈਦ ਤੇ ਦੀਵਾਲੀ ਮਨਾਉਣ ਪਰ ਸਿਆਸਤ ਅਜਿਹੀ ਭੈੜੀ ਸ਼ੈਅ ਹੈ ਕਿ ਲੋਕਾਂ ਦੀਆਂ ਮੁਹੱਬਤਾਂ ਨੂੰ ਵੀ ਖਾ ਜਾਂਦੀ ਹੈ। ਕਾਸ਼ ਕਿਤੇ ਆਮ ਲੋਕਾਂ ਵਾਂਗ ਸਿਅਸਤਦਾਨਾ ਦੇ ਵੀ ਦਿਲ ਮਿਲ ਜਾਣ, ਰਾਹ ਆਪੇ ਮਿਲ ਜਾਣਗੇ। ਅਜੋਕੇ ਵੇਲੇ ਉਹ ਕਿਸਾਨ ਜਿਨ੍ਹਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ, ਉਹ ਸਰਹੱਦ ਦੀਆਂ ਦੁਸ਼ਵਾਰੀਆਂ ਤੋਂ ਡਾਢੇ ਔਖੇ ਹਨ। ਉਹ ਅਪਣੀ ਹੀ ਜ਼ਮੀਨ ਉਤੇ ਬੇਗਾਨਿਆਂ ਵਾਂਗ ਡਰ-ਡਰ ਕੇ ਜਾਂਦੇ ਨੇ। ਉਨ੍ਹਾਂ ਨੂੰ ਅਪਣੀ ਹੀ ਜ਼ਮੀਨ ਉਤੇ ਕੰਮ ਕਰਨ ਵਾਸਤੇ ਬੀ.ਐਸ.ਐਫ਼. ਦੀ ਮਨਜ਼ੂਰੀ ਲੈਂਣੀ ਪੈਂਦੀ ਹੈ।

ਨਾਨਕ ਸ਼ਾਹ ਫ਼ਕੀਰ ਸਿੱਖਾਂ ਦਾ ਗੁਰੂ ਮੁਸਲਮਾਨਾਂ ਦਾ ਪੀਰ : ਬਾਬਾ ਨਾਨਕ ਜੀ ਨਾ ਸਿਰਫ਼ ਸਿੱਖਾਂ ਦੇ ਪਹਿਲੇ ਗੁਰੂ ਸਨ, ਇਸ ਦੇ ਨਾਲ-ਨਾਲ ਉਹ ਮਹਾਨ ਚਿੰਤਕ ਤੇ ਤਰਕਸ਼ੀਲ ਵੀ ਸਨ। ਉਨ੍ਹਾਂ ਨੇ ਸੰਸਾਰ ਨੂੰ ਅੰਧਵਿਸ਼ਵਾਸ਼ਾਂ ਦੇ ਹਨੇਰੇ ਵਿਚੋਂ ਕੱਢਣ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ। ਉਹ ਨਾ ਸਿਰਫ਼ ਪੂਰੇ ਭਾਰਤ ਤੇ ਪਾਕਿਸਤਾਨ ਵਿਚ ਸਤਿਕਾਰੇ ਜਾਂਦੇ ਹਨ ਸਗੋਂ ਪੂਰੇ ਸੰਸਾਰ ਵਿਚ ਉਨ੍ਹਾਂ ਨੂੰ ਵੱਖ-ਵੱਖ ਤਬਕਿਆਂ ਵਲੋਂ ਅਪਣੇ ਗੁਰੂ, ਪੀਰ, ਮੁਰਸ਼ਦ ਤੇ ਦਾਤਾ ਵਜੋਂ ਧਾਰਮਕ ਤੇ ਅਧਿਆਤਮਕ ਪ੍ਰਮਾਣਤਾ ਦਿਤੀ ਜਾਂਦੀ ਹੈ।

ਉਹ ਮੁਸਲਮਾਨਾਂ ਵਿਚ ਵੀ ਓਨੇ ਹੀ ਹਰਮਨ ਪਿਆਰੇ ਤੇ ਸਤਿਕਾਰਿਤ ਹਨ ਜਿੰਨੇ ਕਿ ਸਿੱਖਾਂ ਤੇ ਭਾਰਤੀਆਂ ਵਿਚ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਨਾਲ ਜਿਥੇ ਸਿੱਖ ਸੰਗਤਾਂ ਉਨ੍ਹਾਂ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਗੀਆਂ ਉਥੇ ਸੰਸਾਰ ਦੇ ਹੋਰ ਲੋਕ, ਜੋ ਬਾਬੇ ਦੇ ਫ਼ਲਸਫ਼ੇ ਦੇ ਮੁਰੀਦ ਹਨ, ਵੀ ਉਸ ਅਸਥਾਨ ਉਤੇ ਨਤਮਸਤਕ ਹੋ ਸਕਣਗੇ। ਜਦੋਂ ਦੇਸ਼ ਦੇ ਟੋਟੇ ਨਹੀਂ ਸਨ ਹੋਏ, ਜਦੋਂ ਸਾਰੇ ਰਲ-ਮਿਲ ਕੇ ਰਹਿੰਦੇ ਸੀ, ਜਦੋਂ ਅਰਦਾਸ ਵਿਚ ਇਹ ਨਹੀਂ ਸੀ ਜੁੜਿਆ ਕਿ 'ਜਿਨ੍ਹਾਂ ਗੁਰੂਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਐ', ਜਦੋਂ ਸੱਭ ਦਰ ਸਾਂਝੇ ਸੀ, ਕਿੰਨਾ ਚੰਗਾ ਹੋਵੇਗਾ ਉਹ ਵੇਲਾ।

ਮੇਰਾ ਤਾਂ ਮਨ ਕਰਦੈ, ਸਾਰੀਆਂ ਤਾਰਾਂ ਪੁੱਟ ਸੁੱਟਾਂ ਤੇ ਕਰਤਾਰਪੁਰ ਸਾਹਬ ਮੱਥਾ ਟੇਕ, ਪਰੇ ਅਪਣੇ ਪੁਰਖਿਆਂ ਦੇ ਪਿੰਡ ਕੋਟਲੀ ਪੀਰ ਸ਼ਾਹ ਜਾ ਵੜਾਂ, ਇਸੇ ਉਮੀਦ ਨਾਲ ਕਿ ਮੇਰੇ ਵੱਡ ਵਡੇਰੇ ਅਪਣੇ ਜਿਊਂਦੇ ਜੀਅ ਅਪਣੀ ਜਨਮ ਭੋਇੰ ਵੇਖ ਸਕਣ ਤੇ ਮੈਂ ਉਸ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾਂ ਕਿ ਸਾਰੇ ਲੋਕ ਉਹ ਸਾਰੀਆਂ ਥਾਂਵਾਂ ਵੇਖ ਸਕਣ ਜਿਥੇ ਵੀ ਬਾਬੇ ਨਾਨਕ ਜੀ ਨੇ ਪੈਰ ਧਰੇ ਸਨ। ਸਾਡੇ ਲਈ ਤਾਂ ਮੱਕਾ ਹੈ ਕਰਤਾਰਪੁਰ ਦਾ ਗੁਰੂਘਰ : ਜਿਸ ਦਿਨ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਐਲਾਨ ਹੋਇਆ ਹੈ, ਸਿੱਖਾਂ ਦੇ ਨਾਲ-ਨਾਲ ਪੂਰੇ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਦੂਰ-ਦੁਰਾਡੇ ਦੇ ਲੋਕਾਂ ਤੋਂ ਛੁਟ ਭਾਰਤ-ਪਾਕਿ ਸਰਹੱਦ ਦੇ ਨਾਲ ਵਸਦੇ ਲੋਕਾਂ ਵਿਚ ਤਾਂ ਹੋਰ ਵੀ ਉਤਸ਼ਾਹ ਤੇ ਉਮੰਗ ਹੈ।

ਪਹਿਲਾਂ ਲੋਕ ਦਰਸ਼ਨ ਅਸਥਾਨ ਤੋਂ ਦੂਰੋਂ ਹੀ ਦਰਸ਼ਨ ਕਰ ਕੇ ਪ੍ਰਸ਼ੰਨ ਹੁੰਦੇ ਸਨ ਪਰ ਹੁਣ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਕਰਤਾਰਪੁਰ ਸਾਹਿਬ ਜਾ ਸਕਣਗੇ ਤੇ ਗੁਰੂਘਰ ਦੇ ਅੰਦਰ ਜਾ ਕੇ ਅਲਾਹੀ ਬਾਣੀ ਸੁਣ ਸਕਣਗੇ। ਬਾਬੇ ਦੇ ਗੁਰਦਵਾਰਿਆਂ ਦੀਆਂ ਪ੍ਰਕਰਮਾਂ ਕਰ ਸਕਣਗੇ। ਉਨ੍ਹਾਂ ਖੂਹਾਂ ਦਾ ਪਵਿੱਤਰ ਪਾਣੀ ਪੀ ਸਕਣਗੇ ਜਿਥੇ ਕਦੇ ਬਾਬੇ ਨਾਨਕ ਜੀ ਖ਼ੁਦ ਵਿਚਰਦੇ ਰਹੇ। ਉਨ੍ਹਾਂ ਪੈਲੀਆਂ ਦੀ ਮਿੱਟੀ ਚੁੰਮ ਸਕਣਗੇ ਜਿਥੇ ਬਾਬਾ ਜੀ  ਹਲ੍ਹ ਚਲਾਉਂਦੇ ਹੁੰਦੇ ਸਨ। ਲੋਕ ਤਾਂ ਇਥੋਂ ਤਕ ਚਾਹੁੰਦੇ ਹਨ ਕਿ ਕਿਹੜੇ ਵੇਲੇ ਲਾਂਘਾ ਖੁੱਲ੍ਹੇ ਤੇ ਉਹ ਸਵੇਰੇ ਸ਼ਾਮ ਗੁਰਦਵਾਰੇ ਜਾ ਕੇ ਸੇਵਾ ਕਰਨ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।

ਰਾਗੀ, ਢਾਡੀ ਸਿੰਘਾਂ ਵਿਚ ਵੀ ਕਰਤਾਰਪੁਰ ਸਾਹਿਬ ਜਾ ਕੇ ਕੀਰਤਨ ਕਰਨ ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਵੱਡਾ ਉਤਸ਼ਾਹ ਹੈ। ਉਤਸ਼ਾਹ ਹੋਵੇ ਵੀ ਕਿਉਂ ਨਾ ਆਖ਼ੀਰ ਇਹ ਸੱਭ ਕੁੱਝ ਕਿਸੇ ਵੇਲੇ ਇਕ ਦੇਸ਼ ਦਾ ਹਿੱਸਾ ਸੀ ਜਿਥੇ ਉਨ੍ਹਾਂ ਦੇ ਵੱਡ-ਵਡੇਰੇ ਅਕਸਰ ਆਇਆ ਜਾਇਆ ਕਰਦੇ ਸਨ। ਇਹ ਤਾਂ ਬਸ ਉਜਾੜੇ ਨੇ ਵੰਡੀਆਂ ਪਾ ਦਿਤੀਆਂ ਤੇ ਦੋ ਮੁਲਕਾਂ ਵਿਚਕਾਰ ਇਕ ਲਕੀਰ ਖਿੱਚੀ ਗਈ। ਹੁਣ ਜਦੋਂ ਕਿ ਇਹ ਲਕੀਰ ਵਿਚੋਂ ਦੀ ਆਰ-ਪਾਰ ਜਾਣ ਦਾ ਥੋੜਾ ਕੁ ਰਸਤਾ ਖੁੱਲ੍ਹਣ ਦੀ ਆਸ ਜਾਗੀ ਹੈ ਤਾਂ ਪੰਜਾਬੀਆਂ ਤੇ ਬਾਬੇ ਨਾਨਕ ਨੂੰ ਫ਼ਲਸਫ਼ੇ ਨੂੰ ਮੁਹੱਬਤ ਕਰਨ ਵਾਲੇ ਲੋਕਾਂ ਨੂੰ ਖ਼ੁਸ਼ ਜ਼ਰੂਰ ਹੋਣਾ ਚਾਹੀਦਾ ਹੈ

ਤੇ ਹਰ ਸਿਆਸੀ ਪਾਰਟੀ ਨੂੰ ਵੀ ਕੋਝੀ ਸਿਆਸਤ ਤੋਂ ਉਪਰ ਉਠ ਕੇ ਇਨਸਾਨੀਅਤ ਤੇ ਧਾਰਮਕ ਸਦਭਾਵਨਾ ਨੂੰ ਧਿਆਨ ਵਿਚ ਰਖਦੇ ਹੋਏ ਇਸ ਨੇਕ ਤੇ ਮਹਾਨ ਕਾਰਜ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਨੇ ਅਪਣਾ ਪੂਰਾ ਜੀਵਨ ਸਮੁੱਚੀ ਮਨੁੱਖਤਾ ਦੀ ਭਲਾਈ ਦੇ ਲੇਖੇ ਲਗਾ ਦਿਤਾ ਸੀ ਤੇ ਉਨ੍ਹਾਂ ਦਾ ਉਪਦੇਸ਼ ਵੀ ਸਮੁੱਚੀ ਮਨੁੱਖਤਾ ਵਾਸਤੇ ਹੀ ਸੀ। ਬਾਬਾ ਨਾਨਕ ਜੀ ਨਾ ਸਿਰਫ਼ ਅਧਿਆਤਮਕ ਗੁਰੂ ਸਨ, ਸਗੋਂ ਇਕ ਮਹਾਨ ਚਿੰਤਕ, ਲੇਖਕ ਤੇ ਤਰਕਸ਼ੀਲ ਵੀ ਸਨ। ਉਨ੍ਹਾਂ ਦੇ ਜੀਵਨ ਦਾ ਸਮੁੱਚਾ ਕਾਰਜ ਵਿਗਿਆਨਕ ਸੋਚ ਉਤੇ ਅਧਾਰਿਤ ਸੀ। ਜੋ ਕੁੱਝ ਸਾਇੰਸ ਹੁਣ ਆਖ ਰਹੀ ਹੈ, ਬਾਬਾ ਜੀ ਨੇ 550 ਸਾਲ ਪਹਿਲਾਂ ਹੀ ਆਖ ਦਿਤਾ ਸੀ ਤੇ ਇਸ ਦਾ ਲਿਖਤੀ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਲੋਕਾਈ ਦੇ ਸਾਹਮਣੇ ਹੈ।

ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਗੁਰੂਧਾਮਾਂ ਵਾਸਤੇ ਭਾਰਤੀ ਲੋਕ ਵਿਸ਼ੇਸ਼ ਮੌਕਿਆਂ ਉਤੇ ਵੀਜ਼ਾ ਲੈ ਕੇ ਦਰਸ਼ਨਾਂ ਲਈ ਜਾਂਦੇ ਹਨ ਪਰ ਬਹੁਤੇ ਲੋਕਾਂ ਵਾਸਤੇ ਇਹ ਵੀਜ਼ਾ ਸਾਧਾਰਣ ਗੱਲ ਨਹੀਂ ਹੈ। ਉਨ੍ਹਾਂ ਵਾਸਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰੂ ਘਰਾਂ ਦੇ ਨਾਲ-ਨਾਲ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਬਿਲਕੁਲ ਉਵੇਂ ਹੀ ਹਨ, ਜਿਵੇਂ ਮੁਸਲਮਾਨ ਭਾਰਾਵਾਂ ਵਾਸਤੇ ਮੱਕੇ ਦੀ ਹੱਜ ਹੈ। ਵਿਸ਼ਵ ਵਪਾਰ ਤੇ ਭਾਰਤ-ਪਾਕਿ ਸਬੰਧ : ਅੱਜ ਦੇ ਯੁੱਗ ਵਿਚ ਜਿਥੇ ਦੁਨੀਆਂ ਇਕ ਪਿੰਡ ਵਾਂਗ ਬਣ ਗਈ ਹੈ ਉਥੇ ਬਹੁਤ ਸਾਰੇ ਵਿਕਸਿਤ ਦੇਸ਼ ਇਕ ਦੂਜੇ ਨਾਲ ਵਪਾਰਕ ਪੱਧਰ ਉਤੇ ਜੁੜ ਕੇ ਆਯਾਤ ਨਿਰਯਾਤ ਰਾਹੀਂ ਅਰਬਾਂ ਡਾਲਰ ਦਾ ਵਪਾਰ ਕਰ ਰਹੇ ਹਨ।

ਦੂਜੇ ਪਾਸੇ ਹਿੰਦ-ਪਾਕਿ ਇਕ ਦੂਜੇ ਦੇ ਏਨਾ ਕਰੀਬ ਹੋ ਕੇ ਵੀ ਵਪਾਰਕ ਪੱਧਰ ਉਤੇ ਕੋਹਾਂ ਦੂਰ ਹਨ। ਦੋਵਾਂ ਦੇਸ਼ਾਂ ਦਾ ਮੀਡੀਆ ਤੇ ਖ਼ਾਸ ਤੌਰ ਤੇ ਭਾਰਤੀ ਫ਼ਿਰਕਾਪ੍ਰਸਤ ਮੀਡੀਆ ਜਿਥੇ ਆਪੋ ਅਪਣੇ ਦੇਸ਼ ਨੂੰ ਮਹਾਨ ਦਸਦਾ ਨਹੀਂ ਥਕਦਾ, ਉਥੇ ਹੀ ਯੂ.ਐਨ.ਓ ਦੀ ਰੀਪੋਰਟ ਮੁਤਾਬਕ ਦੋਵਾਂ ਮੁਲਕਾਂ ਵਿਚ ਏਨੀ ਭੁੱਖਮਰੀ ਤੇ ਗ਼ਰੀਬੀ ਹੈ ਕਿ ਇਸ ਰੈਂਕ ਵਿਚ ਇਹ ਦੋਵੇਂ ਦੇਸ਼ਾਂ ਦੀ ਹਾਲਤ ਇੰਡੋਨੇਸ਼ੀਆ, ਕੀਨੀਆਂ, ਬੰਗਲਾਦੇਸ਼, ਅਫ਼ਗਾਨਿਸਤਾਨ, ਨਾਈਜੀਰੀਆ, ਈਥੋਪੀਆ, ਤਨਜ਼ਾਨੀਆ ਤੇ ਨੇਪਾਲ ਤੋਂ ਵੀ ਗਈ ਗੁਜ਼ਰੀ ਹੈ।

ਪਰ ਇਸ ਦੇ ਬਾਵਜੂਦ ਵੀ ਇਹ ਦੋਵੇਂ ਮੁਲਕ ਪ੍ਰਮਾਣੂ ਬੰਬ ਰੱਖੀ ਫਿਰਦੇ ਹਨ ਤੇ ਵਿਕਾਸ ਤੇ ਲੋਕ ਭਲਾਈ ਵਿੱਚ ਪੈਸਾ ਲਗਾਉਣ ਦੀ ਬਜਾਏ ਫੌਜ 'ਤੇ ਸੱਭ ਤੋਂ ਵੱਧ ਪੈਸਾ ਖ਼ਰਚ ਰਹੇ ਹਨ। ਇਸੇ ਕਾਰਨ ਇਹ ਦੋਵੇਂ ਮੁਲਕ ਬਾਕੀ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਪਿਛੇ ਰਹਿ ਗਏ ਹਨ। ਚੀਨ, ਭਾਰਤ ਤੇ ਪਾਕਿਸਤਾਨ ਬਣਨ ਤੋਂ ਬਾਅਦ ਆਜ਼ਾਦ ਹੋਇਆ ਹੈ ਪਰ ਅਜ ਉਹ ਆਲਮੀ ਵਪਾਰ ਵਿਚ ਅਮਰੀਕਾ ਨੂੰ ਵੀ ਪਛਾੜ ਰਿਹਾ ਹੈ। ਇਨ੍ਹਾ ਦੋਵਾਂ ਦੇਸ਼ਾਂ ਵਿਚ ਪਿਛਲੇ ਕਈ ਦਹਾਕਿਆਂ ਤੋਂ ਅਮਨ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਜਦੋਂ ਕਿ ਮੱਧ ਕਾਲ ਵਿਚ ਬਾਬਾ ਨਾਨਕ ਜੀ, ਭਗਤ ਰਵੀਦਾਸ, ਭਗਤ ਕਬੀਰ ਜੀ, ਬਾਬਾ ਫ਼ਰੀਦ ਜੀ ਆਦਿ ਗੁਰੂ ਪੀਰਾਂ ਤੇ ਫ਼ਕੀਰਾਂ ਨੇ ਇਸ ਖ਼ਿੱਤੇ ਵਿਚ ਹਿੰਦੂਮਤ ਤੇ ਮੁਸਲਿਮ ਭਾਈਚਾਰੇ ਵਿਚ ਇਕ ਸਾਂਝ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਤਬਕਿਆਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ।

ਕਰਤਾਰਪੁਰ ਸਾਹਿਬ ਵਿਖੇ ਬਾਬੇ ਨਾਨਕ ਦੀ ਸਮਾਧ ਤੇ ਕਬਰ ਦੋਵੇਂ ਨੇੜੇ-ਨੇੜੇ ਹੋਣਾ ਇਸ ਦਾ ਨਿਵੇਕਲਾ ਸਬੂਤ ਹੈ। ਇਸ ਖ਼ਿੱਤੇ ਦੇ ਲੋਕ ਤੇ ਖ਼ਾਸ ਤੌਰ ਉਤੇ ਦੋਵੇਂ ਪੰਜਾਬਾਂ ਦੇ ਲੋਕ ਅਪਣੀਆਂ ਸਰਹੱਦਾਂ ਉਤੇ ਮੁਕੰਮਲ ਸ਼ਾਂਤੀ ਤੇ ਅਮਨ ਚਾਹੁੰਦੇ ਹਨ ਤੇ ਚਾਹੁੰਦੇ ਹਨ ਕਿ ਉਹ ਇਕ ਦੂਜੇ ਦੇ ਦੇਸ਼ ਨਾਲ ਵਪਾਰਕ ਸਬੰਧ ਸਥਾਪਤ ਕਰਨ। ਅੰਮ੍ਰਿਤਸਰ ਤੇ ਲਾਹੌਰ ਨੂੰ ਵਿਸ਼ਵ ਪੱਧਰੀ ਮੰਡੀ ਦੇ ਤੌਰ ਉਤੇ ਵੇਖਣ ਲਈ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਾਂਝ ਜ਼ਰੂਰੀ ਹੈ ਤੇ ਸਮੇਂ ਦੀ ਮੰਗ ਵੀ। ਅਜਿਹੇ ਵਿਚ ਕਰਤਾਰਪੁਰ ਸਾਹਿਬ ਦਾ ਲਾਂਘਾ ਬਹੁਤ ਹੀ ਸਾਰਥਕ ਕਦਮ ਹੈ।

 

ਰਾਵੀ ਤੇ ਬਣਨ ਵਾਲਾ ਪੁਲ ਹਿੰਦੂਮਤ ਤੇ ਮੁਸਲਮਾਨ ਭਾਈਚਾਰੇ ਵਿਚ ਵਧੀ ਕੁੜੱਤਣ ਨੂੰ ਵੀ ਘਟਾਵੇਗਾ ਕਿਉਂਕਿ ਪਹਿਲਾਂ ਹੀ ਇਸ ਖਿੱਤੇ ਦੇ ਲੋਕ ਇਕ ਦੂਜੇ ਪ੍ਰਤੀ ਨਫ਼ਰਤ ਦੀ ਭਾਰੀ ਕੀਮਤ ਅਦਾ ਕਰ ਚੁੱਕੇ ਹਨ ਤੇ ਪਿਛਲੇ 70 ਸਾਲ ਤੋਂ ਗ਼ਰੀਬ ਲੋਕ ਇਸ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਜੇਕਰ ਇਸ ਨੁਕਸਾਨ ਤੋਂ ਬਚਣਾ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਅਮਨਸ਼ਾਂਤੀ ਤੇ ਸਦਭਾਵਨਾ ਦਾ ਮਾਹੌਲ ਸਿਰਜਣਾ ਪਵੇਗਾ ਤਾਂ ਹੀ ਭਾਰਤ-ਪਾਕਿ ਵਿਚਾਲੇ ਮੁਹੱਬਤ ਦਾ ਜੀ.ਟੀ. ਰੋਡ ਸਥਾਪਤ ਹੋ ਸਕੇਗਾ।
ਸੰਪਰਕ : 99889-64633
ਰੋਜ਼ੀ ਸਿੰਘ