ਤਾਨਾਸ਼ਾਹੀ ਦਾ ਸਿਖਰ - ਦੱਖਣ ਕੋਰੀਆ ਦੀ ਫ਼ਿਲਮ ਦੇਖਣ ਬਦਲੇ, ਉੱਤਰੀ ਕੋਰੀਆ ਵੱਲੋਂ ਦੋ ਕਿਸ਼ੋਰਾਂ ਨੂੰ ਸਜ਼ਾ-ਏ-ਮੌਤ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਰੇਆਮ ਲੋਕਾਂ ਸਾਹਮਣੇ ਲਿਆ ਕੇ ਮਾਰੀ ਗਈ ਗੋਲ਼ੀ 

Image

 

ਉੱਤਰੀ ਕੋਰੀਆ - ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਕੋਰੀਆ ਵਿੱਚ ਦੋ ਕਿਸ਼ੋਰਾਂ ਨੂੰ ਸਿਰਫ਼ ਦੱਖਣੀ ਕੋਰੀਆ ਦੀਆਂ ਫ਼ਿਲਮਾਂ ਦੇਖਣ ਬਦਲੇ ਮੌਤ ਦੀ ਸਜ਼ਾ ਦਿੱਤੀ ਗਈ। 16 ਤੋਂ 17 ਸਾਲ ਦੇ ਵਿਚਕਾਰ ਦੀ ਉਮਰ ਵਾਲੇ ਦੋਵੇਂ ਨੌਜਵਾਨਾਂ ਨੂੰ ਹਾਇਸਨ ਦੇ ਇੱਕ ਏਅਰਫੀਲਡ 'ਤੇ ਸਥਾਨਕ ਲੋਕਾਂ ਦੇ ਸਾਹਮਣੇ ਸ਼ਰੇਆਮ ਮਾਰ ਦਿੱਤਾ ਗਿਆ ਸੀ। 

ਸਥਾਨਕ ਮੀਡੀਆ ਅਨੁਸਾਰ ਇਹ ਘਟਨਾ ਅਕਤੂਬਰ ਵਿੱਚ ਵਾਪਰੀ ਸੀ, ਪਰ ਕਤਲ ਬਾਰੇ ਜਾਣਕਾਰੀ ਪਿਛਲੇ ਹਫ਼ਤੇ ਹੀ ਸਾਹਮਣੇ ਆਈ।

ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਅਧਿਕਾਰੀਆਂ ਨੇ ਕਿਸ਼ੋਰ ਉਮਰ ਦੇ ਵਿਦਿਆਰਥੀਆਂ ਨੂੰ ਜਨਤਾ ਸਾਹਮਣੇ ਲਿਆਂਦਾ, ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ, ਅਤੇ ਤੁਰੰਤ ਗੋਲੀ ਮਾਰ ਦਿੱਤੀ।"

ਇਸ ਤੋਂ ਪਹਿਲਾਂ, ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉੱਤਰੀ ਕੋਰੀਆ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ 'ਬੰਬ', 'ਗਨ' ਅਤੇ 'ਸੈਟੇਲਾਈਟ' ਵਰਗੇ 'ਦੇਸ਼ਭਗਤੀ' ਵਾਲੇ ਨਾਂਅ ਰੱਖਣ, ਕਿਉਂਕਿ 'ਨਰਮ' ਨਾਵਾਂ 'ਤੇ ਸਰਕਾਰ ਰੋਕ ਲਗਾ ਰਹੀ ਹੈ। ਦੇਸ਼ ਚਾਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਨਾਂਅ ਦੇਸ਼ਭਗਤੀ ਅਤੇ ਵਿਚਾਰਧਾਰਕ ਤਰੀਕੇ ਨਾਲ ਰੱਖਣ। 

ਪਿਛਲੇ ਸਾਲ, ਉੱਤਰੀ ਕੋਰੀਆ ਨੇ ਕਥਿਤ ਤੌਰ 'ਤੇ ਸਾਬਕਾ ਨੇਤਾ ਕਿਮ ਜੋਂਗ-ਇਲ ਦੀ ਦਸਵੀਂ ਬਰਸੀ 'ਤੇ 11 ਦਿਨ ਲੰਮੇ ਸੋਗ ਵਜੋਂ, ਨਾਗਰਿਕਾਂ ਦੇ ਹੱਸਣ, ਖਰੀਦਦਾਰੀ ਕਰਨ ਜਾਂ ਸ਼ਰਾਬ ਪੀਣ 'ਤੇ ਪਾਬੰਦੀ ਲਗਾ ਦਿੱਤੀ ਸੀ।