ਕੀ ਕਿਮ ਜੋਂਗ ਤੋਂ ਬਾਅਦ ਉਸ ਦੀ ਧੀ ਸੰਭਾਲੇਗੀ ਉੱਤਰੀ ਕੋਰੀਆ ਦੀ ਗੱਦੀ? ਚਰਚਾ ਜ਼ੋਰਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੇਟੀ ਦੇ ਦੋ ਵਾਰ ਸਾਹਮਣੇ ਆਉਣ ਤੋਂ ਬਾਅਦ ਚਰਚੇ ਸ਼ੁਰੂ

Image

 

ਨਵੀਂ ਦਿੱਲੀ - ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਦੀ ਧੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਉੱਤਰੀ ਕੋਰੀਆ ਦੇ ਸ਼ਾਸਕ ਆਪਣੀ ਧੀ ਨਾਲ ਨਜ਼ਰ ਆਏ ਹਨ। 18 ਨਵੰਬਰ ਨੂੰ ਇੱਕ ਮਿਜ਼ਾਈਲ ਪ੍ਰੀਖਣ ਦੌਰਾਨ ਕਿਮ ਜੋਂਗ-ਉਨ ਨਾਲ ਉਨ੍ਹਾਂ ਦੀ ਬੇਟੀ ਵੀ ਮੌਜੂਦ ਸੀ। ਆਪਣੀ ਨਿੱਜੀ ਜ਼ਿੰਦਗੀ ਨੂੰ ਅਕਸਰ ਜਨਤਕ ਜੀਵਨ ਤੋਂ ਦੂਰ ਰੱਖਣ ਵਾਲੇ ਕਿਮ ਜੋਂਗ ਉਨ ਨੂੰ ਲਗਾਤਾਰ ਦੋ ਵਾਰ ਆਪਣੀ ਬੇਟੀ ਨਾਲ ਦੇਖੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਵੀ ਸ਼ੁਰੂ ਹੋ ਗਈਆਂ ਹਨ।

ਕੁਝ ਮੀਡੀਆ ਅਦਾਰਿਆਂ ਮੁਤਾਬਿਕ ਚਰਚਾ ਹੈ ਕਿ ਕਿਮ ਜੋਂਗ-ਉਨ ਦੀ ਬੇਟੀ ਉਸ ਦੀ ਅਗਲੀ ਵਾਰਿਸ ਬਣੇਗੀ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲਾਂਕਿ, ਇਹ ਸਭ ਮਹਿਜ਼ ਚਰਚਾਵਾਂ ਹਨ, ਜਿਨ੍ਹਾਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। 

ਕਿਮ ਜੋਂਗ-ਉਨ ਦੇ ਨਾਲ ਉਸ ਦੀ ਧੀ ਨੂੰ ਹਰ ਕਿਸੇ ਨੇ ਦੇਖ ਜ਼ਰੂਰ ਲਿਆ ਹੈ, ਪਰ ਉਸ ਬਾਰੇ ਜ਼ਿਆਦਾ ਜਾਣਕਾਰੀ ਕਿਸੇ ਕੋਲ ਨਹੀਂ। ਕੋਰੀਆ ਸੈਂਟਰਲ ਏਜੰਸੀ ਜਾਂ ਅਧਿਕਾਰਤ ਸੂਤਰਾਂ ਨੇ ਕਿਸੇ ਵੀ ਤਰ੍ਹਾਂ ਕਿਮ ਜੋਂਗ ਦੀ ਬੇਟੀ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ।

ਮਾਹਿਰਾਂ ਦਾ ਮੰਨਣਾ ਹੈ ਕਿ ਕਿਮ ਜੋਂਗ-ਉਨ ਦੀ ਬੇਟੀ ਦਾ ਨਾਂ ਕਿਮ ਜੂ-ਏ ਹੈ। ਇਸ ਦਾ ਖੁਲਾਸਾ ਸਭ ਤੋਂ ਪਹਿਲਾਂ ਸੇਵਾਮੁਕਤ ਐਨ.ਬੀ.ਏ. ਖਿਡਾਰੀ ਡੇਨਿਸ ਰੋਡਮੈਨ ਨੇ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਉੱਤਰੀ ਕੋਰੀਆ 'ਚ ਰਹਿਣ ਦੌਰਾਨ ਉਹ ਉੱਥੋਂ ਦੇ ਸ਼ਾਸਕ ਦੀ ਛੋਟੀ ਬੇਟੀ ਨੂੰ ਮਿਲਿਆ ਸੀ।

ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਕਿਹਾ ਕਿ ਫੋਟੋ 'ਚ ਨਜ਼ਰ ਆ ਰਹੀ ਲੜਕੀ ਕਿਮ ਜੋਂਗ-ਉਨ ਦੀ ਦੂਜੀ ਬੇਟੀ ਹੈ, ਜਿਸ ਦੀ ਉਮਰ ਕਰੀਬ 10 ਸਾਲ ਹੈ। ਇੰਟੈਲੀਜੈਂਸ ਨੇ ਇਹ ਵੀ ਦੱਸਿਆ ਹੈ ਕਿ ਕਿਮ ਜੋਂਗ-ਉਨ ਦੇ ਤਿੰਨ ਬੱਚੇ ਹਨ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਅਨੁਸਾਰ, ਐਤਵਾਰ ਨੂੰ ਕਿਮ ਜੋਂਗ ਉਨ ਆਪਣੀ ਧੀ ਨਾਲ ਬੈਲਿਸਟਿਕ ਮਿਜ਼ਾਈਲ ਹਿਉਨਸਾਂਗ-17 ਦੀ ਇਤਿਹਾਸਕ ਸਫਲ ਲਾਂਚਿੰਗ ਟੀਮ ਦੇ ਵਿਗਿਆਨੀਆਂ ਅਤੇ ਹੋਰਾਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਕਿਮ ਜੋਂਗ ਉਨ ਅਤੇ ਉਸ ਦੀ ਬੇਟੀ ਨੇ ਪਿਛਲੇ ਮਹੀਨੇ ਬੈਲਿਸਟਿਕ ਮਿਜ਼ਾਈਲ ਦੇ ਸਫਲ ਪ੍ਰੀਖਣ 'ਚ ਸ਼ਾਮਲ ਫੌਜ ਦੇ ਜਵਾਨਾਂ ਨੂੰ ਵੀ ਵਧਾਈ ਦਿੱਤੀ।

ਹਿਉਨਸਾਂਗ-17 ਉੱਤਰੀ ਕੋਰੀਆ ਦੀ ਸਭ ਤੋਂ ਸ਼ਕਤੀਸ਼ਾਲੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਹੈ। ਇਹ ਮਿਜ਼ਾਈਲ ਕਈ ਪਰਮਾਣੂ ਹਥਿਆਰਾਂ ਨੂੰ ਇੱਕੋ ਸਮੇਂ ਲਿਜਾਣ ਦੇ ਸਮਰੱਥ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਪੂਰੇ ਉੱਤਰੀ ਅਮਰੀਕਾ ਨੂੰ ਨਿਸ਼ਾਨਾ ਬਣਾਉਣ 'ਚ ਵੀ ਸਮਰੱਥ ਹੈ।

ਵਾਸ਼ਿੰਗਟਨ ਪੋਸਟ ਮੁਤਾਬਿਕ ਉੱਤਰੀ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਵੱਲੋਂ ਜਾਰੀ ਕੀਤੀ ਗਈ ਤਸਵੀਰ 'ਚ ਕਿਮ ਜੋਂਗ ਦੀ ਬੇਟੀ ਆਪਣੇ ਪਿਤਾ ਨਾਲ ਫੌਜ ਦੇ ਪ੍ਰੋਗਰਾਮ 'ਚ ਸ਼ਾਮਲ ਹੈ। ਇਹ ਫੋਟੋ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਜਦਕਿ ਦੂਜੀ ਤਸਵੀਰ ਵਿੱਚ ਪਿਓ-ਧੀ ਵੱਡੀਆਂ ਮਿਜ਼ਾਈਲਾਂ ਨਾਲ ਲੱਦੇ ਟਰੱਕ ਦੇ ਸਾਹਮਣੇ ਸੈਨਿਕਾਂ ਨਾਲ ਖੜ੍ਹੇ ਹਨ। ਸਰਕਾਰੀ ਮੀਡੀਆ ਮੁਤਾਬਕ ਟਰੱਕ ਦੇ ਅੰਦਰ ਹਾਲ ਹੀ 'ਚ ਲਾਂਚ ਕੀਤੀ ਗਈ ਹਿਉਨਸਾਂਗ-17 ਬੈਲਿਸਟਿਕ ਮਿਜ਼ਾਈਲ ਹੈ।

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ 'ਤੇ ਵਾਰ-ਵਾਰ ਕਿਮ ਅਤੇ ਉਸ ਦੀ ਧੀ ਦੀਆਂ ਤਸਵੀਰਾਂ ਜਾਰੀ ਕਰਨ ਦਾ ਮਕਸਦ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਉੱਠ ਰਹੇ ਸਵਾਲਾਂ ਨੂੰ ਖਤਮ ਕਰਨਾ ਹੈ। ਦਰਅਸਲ, ਸਾਲ 2020 ਵਿੱਚ ਕਈ ਮੀਡੀਆ ਰਿਪੋਰਟਾਂ ਵਿੱਚ ਕਿਮ ਜੋਂਗ ਉਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਹਾਲਾਂਕਿ ਉੱਤਰੀ ਕੋਰੀਆ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।