ਮੋਦੀ ਐਤਵਾਰ ਨੂੰ ਜਾਣਗੇ ਸ੍ਰੀਲੰਕਾ, ਤਿਆਰੀਆਂ 'ਚ ਲੱਗਾ ਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਬੰਬ ਧਮਾਕਿਆਂ ਤੋਂ ਬਾਅਦ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਹੋਣਗੇ ਮੋਦੀ

PM Modi to visit Sri Lanka on Sunday

ਕੋਲੰਬੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸ੍ਰੀਲੰਕਾ ਦਾ ਛੋਟਾ ਦੌਰਾ ਕਰਨਗੇ। ਇਸ ਦੌਰਾਨ ਉਹ ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨਾਲ ਗੱਲਬਾਤ ਕਰਨਗੇ। ਮੋਦੀ ਈਸਟਰ ਮੌਕੇ ਹੋਏ ਧਮਾਕਿਆਂ ਦੇ ਬਾਅਦ ਸ੍ਰੀਲੰਕਾ ਦੀ ਯਾਤਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਹੋਣਗੇ। ਇਸ ਹਮਲੇ ਵਿਚ 250 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ 11 ਭਾਰਤੀ ਸਨ। ਇਹ ਸ੍ਰੀਲੰਕਾ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਤੀਜੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2015 ਅਤੇ 2017 ਵਿਚ ਸ੍ਰੀਲੰਕਾ ਦੀ ਯਾਤਰਾ ਕੀਤੀ ਸੀ। 

ਰਾਸ਼ਟਰਪਤੀ ਸਿਰੀਸੈਨਾ ਦੇ ਦਫ਼ਤਰ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਘੰਟਿਆਂ ਲਈ ਐਤਵਾਰ ਨੂੰ ਕੋਲੰਬੋ ਪਹੁੰਚਣਗੇ। ਉਹ ਮਾਲਦੀਵ ਤੋਂ ਇਥੇ ਆਉਣਗੇ।'' ਮੋਦੀ ਸਵੇਰੇ 11 ਵਜੇ ਇਥੇ ਪਹੁੰਚਣਗੇ ਅਤੇ ਸਿਰੀਸੈਨਾ ਵਲੋਂ ਆਯੋਜਿਤ ਅਧਿਕਾਰਕ ਦਾਅਵਤ ਵਿਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਦੋ-ਪੱਖੀ ਵਾਰਤਾ ਕਰਨਗੇ। ਸ੍ਰੀਲੰਕਾਈ ਪੁਲਿਸ ਨੇ ਦਸਿਆ ਕਿ ਉਸ ਨੇ ਮੋਦੀ ਦੀ ਯਾਤਰਾ ਦੇ ਮੱਦੇਨਜ਼ਰ ਆਵਾਜਾਈ ਸਬੰਧੀ ਪਾਬੰਦੀਆਂ ਸਮੇਤ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹਨ। 

ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸ੍ਰੀਲੰਕਾ ਸਰਕਾਰ 'ਤੇ ਅਪਣੇ ਭਰੋਸੇ ਦਾ ਸੰਕੇਤ ਦੇਣ ਅਤੇ ਇਕਜੁੱਟਤਾ ਦਾ ਸਪੱਸ਼ਟ ਸੰਦੇਸ਼ ਦੇਣ ਲਈ ਇਥੇ ਦੀ ਯਾਤਰਾ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਭਾਰਤ ਅਤਿਵਾਦ ਤੋਂ ਨਿਪਟਣ ਲਈ ਸ੍ਰੀਲੰਕਾ ਦੀ ਮਦਦ ਕਰੇਗਾ, ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਉਹ ਖੇਤਰ ਦੇ ਕਿਸੇ ਵੀ ਦੇਸ਼ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹਇਆ ਕਰਾਉਣ ਲਈ ਤਿਆਰ ਹਨ।