ਭ੍ਰਿਸ਼ਟਾਚਾਰ ਦੇ ਪਹਿਲੇ ਮਾਮਲੇ 'ਚ ਨਵਾਜ਼ ਸ਼ਰੀਫ਼ ਨੂੰ ਦਸ ਸਾਲ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਪਨਾਮਾ ਪੇਪਰਜ਼ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿਚੋਂ ਇਕ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼.........

Nawaz Sharif

ਇਸਲਾਮਾਬਾਦ : ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਪਨਾਮਾ ਪੇਪਰਜ਼ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿਚੋਂ ਇਕ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਗ਼ੈਰ-ਹਾਜ਼ਰੀ ਵਿਚ 10 ਸਾਲ ਦੀ ਕੈਦ ਦੀ ਸਜ਼ਾ ਅਤੇ 80 ਹਜ਼ਾਰ ਪਾਊਂਡ ਦਾ ਜ਼ੁਰਮਾਨਾ ਲਾਇਆ ਹੈ। ਇਹ ਮਾਮਲਾ ਲੰਦਨ ਦੇ ਏਵੇਨਫ਼ੀਲਡ ਹਾਊਸ 'ਚ ਚਾਰ ਫ਼ਲੈਟਾਂ ਦੇ ਮਾਲਕਾਨਾ ਹੱਕ ਨਾਲ ਜੁੜਿਆ ਹੈ। ਇਸ ਤਰ੍ਹਾਂ ਦੇਸ਼ 'ਚ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਪੀ.ਐਮ.ਐਲ.ਐਨ ਨੂੰ ਤਕੜਾ ਝਟਕਾ ਲੱਗਾ ਹੈ। ਲੰਡਨ ਦੇ ਅਵੈਨਫ਼ੀਲਡ ਹਾਊਸ ਵਿਚ ਚਾਰ ਫ਼ਲੈਟਾਂ ਦੀ ਮਲਕੀਅਤ ਨਾਲ ਜੁੜੇ ਅਵੈਨਫ਼ੀਲਡ ਭ੍ਰਿਸ਼ਟਾਚਾਰ

ਮਾਮਲੇ ਵਿਚ ਚਾਰ ਵਾਰ ਮੁਲਤਵੀ ਕਰਨ ਤੋਂ ਬਾਅਦ ਅਦਾਲਤ ਨੇ ਅਪਣਾ ਫ਼ੈਸਲਾ ਸੁਣਾਇਆ। ਅਦਾਲਤ ਨੇ ਨਵਾਜ਼ ਦੀ 44 ਸਾਲ ਦੀ ਬੇਟੀ ਮਰੀਅਮ ਨੂੰ ਵੀ 7 ਸਾਲ ਦੀ ਕੈਦ ਅਤੇ 20 ਲੱਖ ਪਾਊਂਦ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਮਰੀਅਮ ਦੇ ਪਤੀ ਕੈਪਟਨ (ਸੇਵਾਮੁਕਤ) ਮੁਹੰਮਦ ਸਫ਼ਦਰ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਜਾਂਚ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਕਰ ਕੇ ਇਹ ਸਜ਼ਾ ਸੁਣਾਈ ਗਈ। ਪਾਕਿਸਤਾਨ ਦੇ ਤਿੰਨ ਵਾਰੀ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ (68) ਇਸ ਵੇਲੇ ਲੰਡਨ ਵਿਚ ਹਨ ਜਿਥੇ ਉਨ੍ਹਾਂ ਦੀ ਪਤਨੀ ਕੁਲਸੂਮ ਨਵਾਜ਼ ਦੇ ਗਲੇ ਦੇ ਕੈਂਸਰ ਦਾ ਇਲਾਜ ਚਲ ਰਿਹਾ ਹੈ।

ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ ਬੰਦ ਕਮਰੇ ਵਿਚ ਫ਼ੈਸਲਾ ਸੁਣਾਇਆ। ਅਦਾਲਤ ਦੇ ਕੰਪਲੈਕਸ ਅਤੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕੰਪਲੈਕਸ ਵਲ ਜਾਣ ਵਾਲੇ ਰਸਤੇ ਨੂੰ ਵੀ ਬੰਦ ਕਰ ਦਿਤਾ ਗਿਆ ਹੈ। ਸ਼ਰੀਫ਼, ਮਰੀਅਮ ਅਤੇ ਸਫ਼ਦਰ ਨਾਲ ਹੀ ਸ਼ਰੀਫ਼ ਦੇ ਦੋਵਾਂ ਬੇਟਿਆਂ ਹੁਸੈਨ ਅਤੇ ਹਸਨ ਨੂੰ ਭਗੌੜਾ ਐਲਾਨ ਕਰ ਦਿਤਾ ਹੈ ਅਤੇ ਉਨ੍ਹਾਂ ਵਿਰੁਧ ਜੀਵਨ ਭਰ ਦਾ ਵਾਰੰਟ ਜਾਰੀ ਕਰ ਦਿਤਾ।  (ਪੀ.ਟੀ.ਆਈ)