'ਸ਼ਰੀਫ਼ ਨੂੰ ਦੋਸ਼ੀ ਠਹਿਰਾਉਣ ਲਈ ਜੱਜ ਨੂੰ ਬਲੈਕਮੇਲ ਕੀਤਾ ਗਿਆ ਸੀ'

ਏਜੰਸੀ

ਖ਼ਬਰਾਂ, ਕੌਮਾਂਤਰੀ

ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਕੀਤਾ ਦਾਅਵਾ

Pakistan court judge forced to convict father Nawaz Sharif : Maryam Nawaz

ਲਾਹੌਰ : ਪਾਕਿਸਤਾਨ ਮੁਸਲਿਮ ਲੀਗ - ਨਵਾਜ਼ ਦੀ ਨੇਤਾ ਮਰੀਅਮ ਸ਼ਰੀਫ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਉਣ ਲਈ ਜੱਜ ਨੂੰ ਬਲੈਕਮੇਲ ਕੀਤਾ ਗਿਆ ਅਤੇ ਦਬਾਅ ਪਾਇਆ ਗਿਆ। ਇਸ ਸਬੰਧੀ ਮਰੀਅਮ ਨੇ ਇਕ ਵੀਡੀਉ ਕਲਿਪ ਜਾਰੀ ਕੀਤੀ ਹੈ ਜਿਸ ਵਿਚ ਜਵਾਬਦੇਹੀ ਅਦਾਲਤ ਦਾ ਇਕ ਜੱਜ ਇਹ ਸਵੀਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਸ਼ਰੀਫ਼ ਨੂੰ ਦੋਸ਼ੀ ਠਹਿਰਾਉਣ ਲਈ ਉਨ੍ਹਾਂ ਨੂੰ ਬਲੈਕਮੇਲ ਕੀਤਾ ਗਿਆ ਅਤੇ ਉਨ੍ਹਾਂ 'ਤੇ ਦਬਾਅ ਪਾਇਆ ਗਿਆ ਸੀ। 

ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਰੀਅਮ ਨੇ ਕਿਹਾ ਕਿ ਉਨ੍ਹਾਂ ਦੇ 69 ਸਾਲਾ ਪਿਤਾ ਨੂੰ ਲੈ ਕੇ ਪੂਰੀ ਨਿਆਇਕ ਪ੍ਰਕਿਰਿਆ ਨੂੰ ਵੱਡੇ ਪੱਧਰ 'ਤੇ ਪ੍ਰਭਾਵਤ ਕੀਤਾ ਗਿਆ। ਇਸ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਵੀ ਮੌਜੂਦ ਸਨ। ਨਵਾਜ਼ ਸ਼ਰੀਫ਼ ਅਲ ਅਜੀਜੀਆ ਸਟੀਲ ਮਿੱਲ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 24 ਸਤੰਬਰ 2018 ਤੋਂ ਕੋਟ ਲਖਪਤ ਜੇਲ ਵਿਚ ਬੰਦ ਹਨ। ਇਸ ਮਾਮਲੇ ਵਿਚ ਉਨ੍ਹਾਂ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਰੀਅਮ ਨੇ ਦਾਅਵਾ ਕੀਤਾ ਕਿ ਜਵਾਬਦੇਹੀ ਇਸਲਾਮਾਬਾਦ ਦੇ ਜੱਜ ਅਰਸ਼ਦ ਮਲਿਕ ਨੇ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਨਸੀਰ ਭੱਟ ਦੇ ਨਾਲ ਗੱਲਬਾਤ ਵਿਚ ਇਹ ਸਵੀਕਾਰ ਕੀਤਾ ਹੈ ਕਿ ਨਵਾਜ਼ ਸ਼ਰੀਫ਼ ਵਿਰੁਧ ਫ਼ੈਸਲਾ ਦੇਣ ਲਈ ਉਨ੍ਹਾਂ ਨੂੰ ਅਣਪਛਾਤੇ ਵਿਅਕਤੀ ਨੇ ਬਲੈਕਮੇਲ ਅਤੇ ਮਜਬੂਰ ਕੀਤਾ ਸੀ।

ਮਰੀਅਮ ਨੇ ਕਿਹਾ ਕਿ ਜੱਜ ਮਲਿਕ ਨੇ ਸਪੱਸ਼ਟ ਰੁਪ ਨਾਲ ਇਹ ਕਿਹਾ ਸੀ ਕਿ ਸ਼ਰੀਫ਼ ਵਿਰੁਧ ਮਨੀਲਾਂਡ੍ਰਿੰਗ, ਦਲਾਲੀ ਜਾਂ ਕੋਈ ਹੋਰ ਗ਼ਲਤ ਵਿੱਤੀ ਲੈਣ-ਦੇਣ ਦੇ ਮਾਮਲੇ ਵਿਚ ਕੋਈ ਸਬੂਤ ਨਹੀਂ ਹੈ ਪਰ ਉਨ੍ਹਾਂ ਨੂੰ ਸ਼ਰੀਫ਼ ਨੂੰ ਜੇਲ ਭੇਜਣ ਦੇ ਹੁਕਮ ਦਿਤੇ ਗਏ ਜਿਸ ਲਈ ਉਹ ਪਸ਼ਚਾਤਾਪ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੱਜ ਨੇ ਸਜ਼ਾ ਨਹੀਂ ਲਿਖੀ ਬਲਕਿ ਸ਼ਰੀਫ਼ ਲਈ ਜੇਲ ਦੀ ਸਜ਼ਾ ਲਿਖਵਾਈ ਗਈ। ਮਰੀਅਮ ਨੇ ਦਾਅਵਾ ਕੀਤਾ ਕਿ ਨਵਾਜ਼ ਸ਼ਰੀਫ਼ ਨੂੰ ਜੇਲ ਭੇਜਣ ਲਈ ਜੱਜ 'ਤੇ ਕਾਫ਼ੀ ਦਬਾਅ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਖ਼ੁਦਕੁਸ਼ੀ ਕਰਨ ਬਾਰੇ ਵੀ ਸੋਚਿਆ ਸੀ। ਇਸ ਵੀਡੀਉ ਵਿਚ ਅਹਿਮ ਪ੍ਰਗਟਾਵੇ ਹੋਣ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਜੇਲ ਵਿਚ ਨਹੀਂ ਰਖਿਆ ਜਾਣਾ ਚਾਹੀਦਾ।

ਉਨ੍ਹਾਂ ਇਹ ਵੀ ਸੰਕੇਤ ਦਿਤੇ ਕਿ ਉਹ ਇਸਲਾਮਾਬਾਦ ਹਾਈ ਕੋਰਟ ਵਿਚ ਸ਼ਰੀਫ਼ ਦੀ ਜ਼ਮਾਨਤ ਦੇ ਮਾਮਲੇ ਵਿਚ ਇਸ ਵੀਡੀਉ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੇਸ਼ ਵਿਚ ਸੱਤਾਧਿਰ ਇਮਰਾਨ ਖ਼ਾਨ ਸਰਕਾਰ ਨੇ ਕਿਹਾ ਹੈ ਕਿ ਇਹ ਵੀਡੀਉ ਛੇੜਛਾੜ ਕਰ ਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਇਸ ਵੀਡੀਉ ਫ਼ੋਰੈਂਸਿਕ ਆਡਿਟ ਕਰਾਉਣ ਦੀ ਮੰਗ ਕਰਦਿਆਂ ਇਸ ਨੂੰ ਨਿਆਪਾਲਿਕਾ 'ਤੇ ਹਮਲਾ ਕਰਾਰ ਦਿਤਾ ਹੈ।

ਮੇਰੇ 'ਤੇ ਕੋਈ ਦਬਾਅ ਨਹੀਂ ਸੀ: ਜੱਜ
ਲਾਹੌਰ: ਫ਼ਲੈਗਸ਼ਿਪ ਨਿਵੇਸ਼ ਭ੍ਰਿਸ਼ਟਾਚਾਰ ਮਾਮਲੇ ਵਿਚ ਸ਼ਰੀਫ਼ ਨੂੰ ਬਰੀ ਕਰਨ ਵਾਲੇ ਜੱਜ ਨੇ ਕਿਹਾ ਕਿ ਉਨ੍ਹਾਂ ਕਿਸੇ ਦਬਾਅ ਜਾਂ ਪੈਸੇ ਦੇ ਲਾਲਚ ਵਿਚ ਫ਼ੈਸਲਾ ਸੁਣਾਇਆ ਹੁੰਦਾ ਤਾਂ ਉਹ ਸ਼ਰੀਫ਼ ਨੂੰ ਇਕ ਮਾਮਲੇ ਵਿਚ ਬਰੀ ਨਾ ਕਰਦੇ ਅਤੇ ਇਕ ਹੋਰ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਨਾ ਠਹਿਰਾਉਂਦੇ। ਜੱਜ ਨੇ ਕਿਹਾ ਕਿ ਉਨ੍ਹਾਂ 'ਤੇ ਨਾ ਤਾਂ ਕੋਈ ਦਬਾਅ ਸੀ ਅਤੇ ਨਾ ਹੀ ਉਹ ਕਿਸੇ ਲਾਲਚ ਵਿਚ ਸਨ।  ਇਹ ਵੀਡੀਉ ਫ਼ਰਜ਼ੀ ਹੈ ਅਤੇ ਝੂਠ 'ਤੇ ਆਧਾਰਤ ਹੈ, ਇਸ ਲਈ ਉਹ ਇਸ ਵਿਚ ਸ਼ਾਮਲ ਸਾਰੇ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨਗੇ।