ਨੈਤਿਕ ਰੂਪ ਨਾਲ ਦਿਵਾਲੀਆ ਹੈ ਫ਼ੇਸਬੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਕਿਹਾ, ਨੀਤੀਆਂ ਨੂੰ ਲੈ ਕੇ ਗੰਭੀਰ ਨਹੀਂ ਹਨ ਮਾਰਕ ਜ਼ੁਕਰਬਰਗ

Facebook

ਕੈਨਬਰਾ : ਨਿਊਜ਼ੀਲੈਂਡ ਦੇ ਅਧਿਕਾਰਕ ਨਿਜੀ ਨਿਗਰਾਨਕਰਤਾ ਨੇ ਸੋਸ਼ਨ ਸਾਈਟ ਫ਼ੇਸਬੁਕ ਨੂੰ ਨੈਤਿਕ ਰੂਪ ਨਾਲ ਦਿਵਾਲੀਆ ਕਰਾਰ ਦਿਤਾ ਹੈ। ਇਸ ਦੇ ਨਾਲ ਉਨ੍ਹਾਂ ਸੁਝਾਅ ਦਿਤਾ ਹੈ ਕਿ ਉਨ੍ਹਾਂ ਦੇ ਗੁਆਂਢੀ ਦੇਸ਼ ਆਸਟ੍ਰੇਲੀਆ ਦੀ ਤਰਜ 'ਤੇ ਅਜਿਹੇ ਕਾਨੂੰਨ ਬਣਾਉਣੇ ਚਾਹੀਦੇ ਹਨ ਜਿਸ ਨਾਲ ਕ੍ਰਾਈਸਟਚਰਚ ਮਸਜਿਦ ਵਿਚ ਗੋਲੀਬਾਰੀ ਵਰਗੀ ਹਿੰਸਕ ਘਟਨਾ ਨੂੰ ਲਾਈਵ ਕਰਨ ਕਾਰਨ ਉਸ ਦੇ ਅਧਿਕਾਰੀਆਂ ਨੂੰ ਜੇਲ ਭੇਜਿਆ ਜਾ ਸਕੇ। 

ਇਸ ਸੰਸਥਾ ਦੇ ਕਮਿਸ਼ਨਰ ਜਾਨ ਐਡਵਰਡ ਨੇ ਇਹ ਟਿਪਣੀ ਟਵਿੱਟਰ 'ਤੇ ਕੀਤੀ ਹੈ। ਲੋਕਾਂ ਵਲੋਂ ਵੀ ਇਸ ਹਮਲੇ ਦੀ ਘਟਨਾ ਨੂੰ ਫ਼ੇਸਬੁਕ 'ਤੇ ਲਾਈਵ ਵਿਖਾਉਣ ਤੇ ਫ਼ੇਸਬੁਕ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਨਿਊਜ਼ੀਲੈਂਡ ਦੇ ਕ੍ਰਾਈਸਚਰਚ ਵਿਚ ਦੋ ਮਸਜਿਦਾਂ 'ਤੇ ਹੋਈ ਗੋਲੀਬਾਰੀ ਕਾਰਨ ਲਗਭਗ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਫ਼ੇਸਬੁਕ ਨੇ ਅਪਣੇ ਬਿਆਨ ਵਿਚ ਕਿਹਾ ਕਿ ਉਹ ਨੀਤੀਆਂ ਦੀ ਮਜ਼ਬੂਤੀ, ਤਕਨੀਕ ਵਿਚ ਸੁਧਾਰ ਲਈ ਵਚਨਬੱਧ ਹੈ ਅਤੇ ਫ਼ੇਸਬੁਕ ਨੂੰ ਸੁਰੱਖਿਅਤ ਰੱਖਣ ਲਈ ਮਾਹਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

ਐਡਵਰਡ ਨੇ ਰੇਡੀਉ ਨਿਊਜ਼ੀਲੈਂਡ ਨੂੰ ਦਸਿਆ ਕਿ ਸਰਕਾਰ ਨੂੰ ਨਾਲ ਆਉਣ ਅਤੇ ਹਿੰਸਕ ਘਟਨਾਵਾਂ ਨੂੰ ਲਾਈਵ ਵਿਖਾਏ ਜਾਣ ਤੋਂ ਰੋਕਣ ਲਈ ਫ਼ੇਸਬੁਕ ਨੂੰ ਹੱਲ ਭਾਲਣ ਲਈ ਮਜਬੂਰ ਕਰਨਾ ਚਾਹੀਦਾ ਹੈ। ਇਸ ਦੌਰਾਨ ਐਡਵਰਡ ਨੇ ਕਿਹਾ ਕਿ ਫ਼ੇਸਬੁਕ ਦੇ ਮੁਖੀ ਮਾਰਕ ਜ਼ੁਕਰਬਰਗ ਅਪਣੀ ਪ੍ਰਣਾਲੀ ਨੂੰ ਲੈ ਕੇ ਗੰਭੀਰ ਨਹੀਂ ਹਨ। ਇਸ ਹਮਲੇ ਨੂੰ ਘਟਨਾ ਫ਼ੇਸਬੁਕ 'ਤੇ ਲਾਈਵ ਹੋਣ ਤੋਂ ਬਾਅਦ ਫ਼ੇਸਬੁਕ ਦੀ ਕਾਫ਼ੀ ਆਲੋਚਨਾ ਹੋਈ ਸੀ ਜਿਸ ਤੋਂ ਤੁਰਤ ਬਾਅਦ ਹੀ ਫ਼ੇਸਬੁਕ ਨੇ ਅਪਣੇ ਪਲੇਟਫ਼ਾਰਮ ਤੋਂ ਇਹ ਵੀਡੀਉ ਹਟਾ ਦਿਤੀਆਂ ਸਨ। (ਏਜੰਸੀ)