ਚਾਰ ਰੋਜ਼ਾ ਭਾਰਤ ਦੌਰੇ 'ਤੇ ਆਉਣਗੇ ਯੂਕਰੇਨ ਦੇ ਉਪ ਵਿਦੇਸ਼ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਵੱਲੇ ਮੁੱਦਿਆਂ 'ਤੇ ਹੋਵੇਗੀ ਗੱਲਬਾਤ, PM ਮੋਦੀ ਨੂੰ ਯੂਕਰੇਨ ਆਉਣ ਦਾ ਦੇ ਸਕਦੇ ਹਨ ਸੱਦਾ

Emine Dzhaparova

ਨਵੀਂ ਦਿੱਲੀ : ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਏਮੀਨ ਜ਼ਾਪਾਰੋਵਾ (Emine Dzhaparova) ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਹੋਣਗੇ। ਅਧਿਕਾਰੀਆਂ ਮੁਤਾਬਕ ਉਹ ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਰੂਸ-ਯੂਕਰੇਨ ਯੁੱਧ 'ਤੇ ਚਰਚਾ ਕਰਨਗੇ।

ਫਰਵਰੀ 2022 ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਦੇ ਕਿਸੇ ਮੰਤਰੀ ਦੀ ਭਾਰਤ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੋਵੇਗੀ। ਏਮੀਨ ਜ਼ਾਪਾਰੋਵਾ ਆਪਣੀ ਭਾਰਤ ਫੇਰੀ ਦੌਰਾਨ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨਾਲ ਵੀ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ:  ਵਾਲ-ਵਾਲ ਬਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ

ਮੀਡੀਆ ਰਿਪੋਰਟਾਂ ਮੁਤਾਬਕ ਏਮੀਨ ਜ਼ਾਪਾਰੋਵਾ ਆਪਣੀ ਭਾਰਤ ਯਾਤਰਾ ਦੌਰਾਨ ਯੂਕਰੇਨ ਲਈ ਮਦਦ ਦੀ ਮੰਗ ਕਰ ਸਕਦੇ ਹਨ। ਉਹ ਰੂਸੀ ਹਵਾਈ ਹਮਲਿਆਂ ਵਿੱਚ ਤਬਾਹ ਹੋਏ ਯੂਕਰੇਨ ਦੇ ਊਰਜਾ ਢਾਂਚੇ ਦੀ ਮੁਰੰਮਤ ਵਿੱਚ ਭਾਰਤ ਦੇ ਸਹਿਯੋਗ ਦੀ ਅਪੀਲ ਵੀ ਕਰ ਸਕਦੇ ਹਨ। ਇਸ ਦੇ ਨਾਲ ਹੀ ਏਮੀਨ ਜ਼ਾਪਾਰੋਵਾ ਪ੍ਰਧਾਨ ਮੰਤਰੀ ਮੋਦੀ ਨੂੰ ਯੂਕਰੇਨ ਆਉਣ ਦਾ ਸੱਦਾ ਵੀ ਦੇ ਸਕਦੇ ਹਨ।

ਦਰਅਸਲ, ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ, ਅਜਿਹੇ 'ਚ ਯੂਕਰੇਨ ਇਸ ਮੰਚ ਤੋਂ ਰੂਸ ਨਾਲ ਜੰਗ ਦਾ ਮੁੱਦਾ ਉਠਾਉਣਾ ਚਾਹੁੰਦਾ ਹੈ। ਰਿਪੋਰਟਾਂ ਮੁਤਾਬਕ ਏਮੀਨ ਜ਼ਾਪਾਰੋਵਾ ਭਾਰਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਜੀ-20 ਸੰਮੇਲਨ 'ਚ ਬੋਲਣ ਦੀ ਇਜਾਜ਼ਤ ਦੇਣ ਲਈ ਵੀ ਕਹਿ ਸਕਦੇ ਹਨ।