ਧਾਰਾ 370 : ਕਸ਼ਮੀਰ 'ਚ 500 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲਿਆ
ਘਾਟੀ 'ਚ ਪਾਬੰਦੀਆਂ ਵਿਚਕਾਰ ਨੂਰਬਾਗ਼ ਇਲਾਕੇ 'ਚ ਇਕ ਵਿਅਕਤੀ ਦੀ ਮੌਤ ਹੋਈ
ਜੰਮੂ : ਜੰਮੂ-ਕਸ਼ਮੀਰ ਸੂਬੇ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ 'ਚ ਵੰਡਣ ਅਤੇ ਧਾਰਾ 370 ਖ਼ਤਮ ਕਰਨ ਦੇ ਫ਼ੈਸਲੇ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ 500 ਤੋਂ ਵੱਧ ਸਿਆਸੀ ਆਗੂਆਂ ਤੇ ਕਾਰਕੁਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਅਤੇ ਘਾਟੀ ਦੇ ਹੋਰ ਹਿੱਸਿਆਂ 'ਚ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਨਵੀਂ ਰਿਪੋਰਟਾਂ ਮੁਤਾਬਕ ਸ੍ਰੀਨਗਰ 'ਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ 'ਚ ਅਸਥਾਈ ਹਿਰਾਸਤ ਕੇਂਦਰ ਅਤੇ ਬਾਰਾਮੁੱਲਾ ਤੇ ਗੁਰੇਜ਼ 'ਚ ਹੋਰ ਅਜਿਹੇ ਕੇਂਦਰਾਂ 'ਚ ਲਗਭਗ 560 ਕਾਰਕੁੰਨਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਅਤੇ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੂੰ ਗੁਪਕਰ ਰੋਡ 'ਤੇ ਹਰਿ ਨਿਵਾਸ ਵਿਖੇ ਹਿਰਾਸਤ ਵਿਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਘਾਟੀ 'ਚ ਪਾਬੰਦੀਆਂ ਵਿਚਕਾਰ ਨੂਰਬਾਗ਼ ਇਲਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਕੁਝ ਨੌਜਵਾਨ ਧਾਰਾ-144 ਲੱਗਣ ਦੇ ਬਾਵਜੂਦ ਇਲਾਕੇ 'ਚ ਇਕੱਤਰ ਹੋ ਗਏ, ਜਿਨ੍ਹਾਂ ਨੂੰ ਸੀਆਰਪੀਐਫ ਜਵਾਨਾਂ ਨੇ ਭਜਾ ਦਿੱਤਾ। ਇਸ ਦੌਰਾਨ ਇਕ ਨੌਜਵਾਨ ਨੇ ਭੱਜ-ਦੌੜ 'ਚ ਜੇਹਲਮ ਨਦੀ 'ਚ ਛਾਲ ਮਾਰ ਦਿੱਤੀ ਅਤੇ ਡੁੱਬ ਗਿਆ। ਇਸ ਮਗਰੋਂ ਇਲਾਕੇ 'ਚ ਪ੍ਰਦਰਸ਼ਨ ਹੋਇਆ, ਜੋ ਲਾਠੀਚਾਰਜ ਤੋਂ ਬਾਅਦ ਖ਼ਤਮ ਹੋ ਗਿਆ, ਜਿਸ 'ਚ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਰਫ਼ਿਊ ਘੋਸ਼ਿਤ ਨਹੀਂ ਕੀਤਾ ਗਿਆ ਹੈ, ਪਰ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ ਹੈ, ਜਿਸ ਤਹਿਤ ਇਕ ਇਲਾਕੇ 'ਚ 5 ਲੋਕ ਇਕੱਠੇ ਨਹੀਂ ਹੋ ਸਕਦੇ।