ਕਰਤਾਰਪੁਰ ਕਮੇਟੀ 'ਚੋਂ ਲਾਂਭੇ ਕਰਨ 'ਤੇ ਗੋਪਾਲ ਚਾਵਲਾ ਨੇ ਦਿੱਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸੋਸ਼ਲ ਮੀਡੀਆ ਗਰੁੱਪ 'ਚ ਆਡੀਓ ਪਾ ਕੇ ਕੱਢੀ ਭੜਾਸ

Gopal Chawla

ਇਸਲਾਮਾਬਾਦ : ਕਰਤਾਰਪੁਰ ਲਾਂਘੇ ਨੂੰ ਲੈ ਕੇ ਮਤਭੇਦਾਂ ਨੂੰ ਦੂਰ ਕਰਨ ਲਈ ਬੀਤੇ ਐਤਵਾਰ ਭਾਰਤ-ਪਾਕਿਸਤਾਨ ਅਧਿਕਾਰੀਆਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਹੋਈ ਸਈ। ਬੈਠਕ ਵਿਚ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਐਸ.) ਵਿਚੋਂ ਕੱਢੇ ਜਾਣ ਦੀ ਅਧਿਕਾਰਕ ਪੁਸ਼ਟੀ ਕੀਤੀ ਗਈ ਸੀ। ਗੋਪਾਲ ਸਿੰਘ ਚਾਵਲਾ ਹੁਣ ਕਰਤਾਰਪੁਰ ਸਾਹਿਬ ਕੌਰੀਡੋਰ ਕਮੇਟੀ ਦਾ ਮੈਂਬਰ ਵੀ ਨਹੀਂ ਹੈ। ਉਸ ਨੂੰ ਇਸ ਕਮੇਟੀ ਵਿਚ ਸ਼ਾਮਲ ਕੀਤੇ ਜਾਣ 'ਤੇ ਭਾਰਤ ਨੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਸੀ।

ਗੋਪਾਲ ਸਿੰਘ ਚਾਵਲਾ ਪਾਕਿ ਸਰਕਾਰ ਵੱਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਕਾਫ਼ੀ ਬੌਖਲਾ ਗਿਆ ਹੈ। ਉਸ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਸੋਸ਼ਲ ਮੀਡੀਆ ਗਰੁੱਪ 'ਚ ਆਪਣੀ ਆਡੀਓ ਪਾਈ ਹੈ। ਇਸ ਆਡੀਓ 'ਚ ਉਸ ਨੇ ਕਮੇਟੀ ਦੇ ਉੱਚ ਅਧਿਕਾਰੀਆਂ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਮੇਟੀ ਦੇ ਚੇਅਰਮੈਨ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੇ ਮੈਨੂੰ ਕਮੇਟੀ 'ਚੋਂ ਕੱਢਣਾ ਸੀ ਤਾਂ ਬਕਾਇਦਾ ਇਕ ਮੀਟਿੰਗ ਬੁਲਾ ਲੈਂਦੇ। ਮੀਟਿੰਗ 'ਚ ਜਿਹੜਾ ਵੀ ਫ਼ੈਸਲਾ ਲੈਂਦੇ ਉਹ ਮੈਨੂੰ ਮਨਜੂਰ ਸੀ, ਪਰ ਜਿਸ ਤਰ੍ਹਾਂ ਬਾਹਰੋਂ-ਬਾਹਰ ਫ਼ੈਸਲਾ ਲੈ ਲਿਆ ਗਿਆ, ਉਹ ਗ਼ਲਤ ਹੈ। ਤੁਸੀ ਆਪਣੀ ਮਰਜ਼ੀ ਨਾਲ ਸਾਡੀ ਕੁਰਬਾਨੀ ਦਾ ਜਿਹੜਾ ਫ਼ੈਸਲਾ ਲੈਣਾ ਸੀ ਉਹ ਲੈ ਲਿਆ, ਹੁਣ ਅਸੀ ਵੀ ਆਪਣੀ ਮਰਜ਼ੀ ਕਰਾਂਗੇ।

ਦੱਸ ਦੇਈਏ ਕਿ ਗੋਪਾਲ ਸਿੰਘ ਚਾਵਲਾ ਖ਼ਾਲਿਸਤਾਨ ਪੱਖੀ ਹੈ ਅਤੇ ਚਾਵਲਾ ਨੂੰ ਪਾਕਿਸਤਾਨ ਵਿਚ ਅਤਿਵਾਦੀ ਸੰਗਠਨ ‘ਜੈਸ਼–ਏ–ਮੁਹੰਮਦ’ ਦੇ ਮੁਖੀ ਹਾਫ਼ਿਜ਼ ਸਇਦ ਦੇ ਨੇੜੇ ਸਮਝਿਆ ਜਾਂਦਾ ਹੈ। ਪਾਕਿਸਤਾਨੀ ਫ਼ੌਜ ਤੇ ਉੱਥੋਂ ਦੀ ਖ਼ੁਫ਼ੀਆ ਏਜੰਸੀ ਆਈਐਸਆਈ (ISI) ਦੇ ਵੀ ਉਹ ਨੇੜੇ ਸਮਝਿਆ ਜਾਂਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਉਹ ਮੀਟਿੰਗਾਂ ਕਰਦਾ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਚਾਵਲਾ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵਿਖਾਈ ਦਿੱਤਾ ਸੀ। ਉਸ ਨੂੰ ਪੀਐਸਜੀਪੀਸੀ 'ਚ ਜਨਰਲ ਸਕੱਤਰ ਲਗਾਇਆ ਸੀ ਜਿਸ 'ਤੇ ਭਾਰਤ ਨੇ ਇਤਰਾਜ਼ ਕੀਤਾ ਸੀ।