ਜਪਾਨ 'ਚ ਘੁੰਮਣਾ ਹੋਇਆ ਮਹਿੰਗਾ, ਦੇਣਾ ਪਵੇਗਾ ਵਿਦਾਈ ਟੈਕਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਪਾਨ ਸਰਕਾਰ ਦੀ ਯੋਜਨਾ ਇਸ ਟੈਕਸ ਰਾਹੀਂ 50 ਅਰਬ ਯੇਨ ਇਕੱਠੇ ਕਰਨ ਦੀ ਹੈ ਤਾਂ ਕਿ 2020 ਵਿਚ ਹੋਣ ਵਾਲੇ ਓਲਪਿੰਕ ਦਾ ਸ਼ਾਨਦਾਰ ਆਯੋਜਨ ਕਰਕੇ ਜਪਾਨ ਖਿੱਚ ਦਾ ਕੇਂਦਰ ਬਣ ਸਕੇ।

Japan

ਟੋਕਿਓ : ਜਪਾਨ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਹੁਣ ਹਰ ਵਿਦੇਸ਼ੀ ਯਾਤਰੀ ਤੋਂ ਵਿਦਾਈ ਟੈਕਸ ਵਸੂਲੇਗਾ।  ਇਸ ਦੇ ਅਧੀਨ ਦੇਸ਼ ਛੱਡ ਕੇ ਜਾਣ ਵਾਲੇ ਸੈਲਾਨੀਆਂ ਤੋਂ ਇਕ ਹਜ਼ਾਰ ਯੇਨ ( ਲਗਭਗ 642 ਰੁਪਏ ) ਟੈਕਸ ਵਸੂਲ ਕੀਤਾ ਜਾਵੇਗਾ। ਇਹ ਟੈਕਸ ਹਵਾਈ ਅਤੇ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਲਿਆ ਜਾਵੇਗਾ। ਹਾਲਾਂਕਿ 24 ਘੰਟੇ ਦੇ ਅੰਦਰ ਦੇਸ਼ ਛੱਡ ਕੇ ਜਾਣ ਵਾਲਿਆਂ ਨੂੰ ਇਹ ਟੈਕਸ ਨਹੀਂ ਦੇਣਾ ਪਵੇਗਾ।

ਜਪਾਨ ਸਰਕਾਰ ਦੀ ਯੋਜਨਾ ਇਸ ਟੈਕਸ ਰਾਹੀਂ 50 ਅਰਬ ਯੇਨ ਇਕੱਠੇ ਕਰਨ ਦੀ ਹੈ ਤਾਂ ਕਿ 2020 ਵਿਚ ਹੋਣ ਵਾਲੇ ਓਲਪਿੰਕ ਅਤੇ ਪੈਰਾਓਲਪਿੰਕਸ ਦਾ ਸ਼ਾਨਦਾਰ ਆਯੋਜਨ ਕਰਕੇ ਦੁਨੀਆਂ ਭਰ ਦੇ ਸੈਲਾਨੀਆਂ ਲਈ ਜਪਾਨ ਖਿੱਚ ਦਾ ਕੇਂਦਰ ਬਣ ਸਕੇ। ਸਰਕਾਰੀ ਨੀਤੀ ਮੁਤਾਬਕ ਟੈਕਸ ਆਮਦਨੀ ਦੀ ਵੰਡ ਮੁੱਖ ਤੌਰ 'ਤੇ ਤਿੰਨ ਟੀਚਿਆਂ ਲਈ ਕੀਤੀ ਜਾਵੇਗੀ। ਇਸ ਅਧੀਨ ਵਿਦੇਸ਼ੀ ਸੈਲਾਨੀਆਂ ਲਈ ਯਾਤਰੀ ਸਹੂਲਤਾਂ ਨੂੰ ਪਹਿਲਾਂ ਨਾਲੋਂ ਵਿਕਸਤ ਕੀਤਾ ਜਾਵੇਗਾ। ਨਵੀਆਂ ਸੈਲਾਨੀ ਥਾਵਾਂ ਦਾ ਵਿਕਾਸ ਅਤੇ ਉਹਨਾਂ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਸੈਲਾਨੀਆਂ ਨੂੰ ਦਿਤੀ ਜਾਵੇਗੀ।

ਇਸ ਦੇ ਨਾਲ ਹੀ ਜਪਾਨੀ ਸੱਭਿਆਚਾਰ ਅਤੇ ਸਥਾਨਕ ਖੇਤਰਾਂ ਦੀ ਖੁਬਸੂਰਤੀ ਤੋਂ ਸੈਲਾਨੀਆਂ ਨੂੰ ਜਾਣੂ ਕਰਵਾਉਣ ਦਾ ਵੀ ਟੀਚਾ ਹੈ। ਦੱਸ ਦਈਏ ਕਿ ਜਪਾਨ ਨੇ 1992 ਤੋਂ ਬਾਅਦ ਪਹਿਲੀ ਵਾਰ ਕੋਈ ਸਥਾਈ ਕਰ ਲਗਾਇਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਜਪਾਨ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਜਪਾਨ ਦੀ ਸੈਰ-ਸਪਾਟਾ ਏਜੰਸੀ ਮੁਤਾਬਕ ਸਾਲ 2018 ਵਿਚ ਪਹਿਲੀ ਵਾਰ ਸੈਲਾਨੀਆਂ ਦੀ ਗਿਣਤੀ 3 ਕਰੋੜ ਦਾ ਅੰਕੜਾ ਪਾਰ ਕਰ ਗਈ।

ਜਪਾਨ ਵਿਚ ਸੈਲਾਨੀਆਂ ਦੀ ਗਿਣਤੀ ਵਧਣ ਵਿਚ ਸੱਭ ਤੋਂ ਵੱਡਾ ਯੋਗਦਾਨ ਏਸ਼ੀਆਈ ਦੇਸ਼ਾਂ ਦੇ ਯਾਤਰੀਆਂ ਦਾ ਰਿਹਾ। ਚੀਨ, ਦੱਖਣੀ ਕੋਰੀਆ,ਤਾਈਵਾਨ ਅਤੇ ਹਾਂਗਕਾਂਗ ਤੋਂ ਸੱਭ ਤੋਂ ਵੱਧ ਸੈਲਾਨੀ ਜਪਾਨ ਦੀ ਯਾਤਰਾ 'ਤੇ ਆਏ। ਜਪਾਨ ਸਰਕਾਰ ਦੀ ਯੋਜਨਾ 2020 ਤੱਕ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਨੂੰ ਵਧਾ ਕੇ 4 ਕਰੋੜ ਕਰਨਾ ਹੈ। ਇਸ ਤੋਂ ਇਲਾਵਾ ਜਪਾਨ ਯੂਰਪੀ ਦੇਸ਼ਾਂ ਦੇ ਯਾਤਰੀਆਂ ਦੀ ਗਿਣਤੀ ਨੂੰ ਵਧਾਉਣ ਵੱਲ ਵੀ ਵਿਸ਼ੇਸ਼ ਧਿਆਨ ਦੇ ਰਿਹਾ ਹੈ।