ਭਾਰਤ ਨੇ ਗੱਲਬਾਤ ਦੀ ਪੇਸ਼ਕਸ਼ ਠੁਕਰਾਈ, ਯੁੱਧ ਵਿਚ ਸ਼ਾਮਲ ਹੋਣਾ ਖ਼ੁਦਕੁਸ਼ੀ ਵਾਂਗ : ਇਮਰਾਨ ਖਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੂੰ ਇਕ ਕਦਮ ਅੱਗੇ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਦੋ ਕਦਮ ਵਧਾਉਂਦੇ ਪਰ ਭਾਰਤ ਨੇ ਇਸ ਗੱਲਬਾਤ ਦੀ ਪੇਸ਼ਕਸ਼ ਕਈ ਵਾਰ ਠੁਕਰਾ ਦਿਤੀ।

Pakistan PM Imran Khan

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ 'ਤੇ ਸ਼ਾਂਤੀ ਸਥਾਪਨਾ ਸਬੰਧੀ ਗੱਲਬਾਤ ਲਈ ਪੇਸ਼ ਕੀਤੇ ਗਏ ਮਤਿਆਂ ਦਾ ਜਵਾਬ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋ ਪਰਮਾਣੂ ਸਮਰਥ ਦੇਸ਼ਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਲੜਾਈ ਖ਼ੁਦਕੁਸ਼ੀ ਦੇ ਬਰਾਬਰ ਹੋਵੇਗੀ। ਇਮਰਾਨ ਖਾਨ ਦੀ ਪਾਕਿਸਾਨ ਤਹਿਰੀਕੇ-ਏ-ਇਨਸਾਫ ਪਾਰਟੀ ਮੁਤਾਬਕ ਪ੍ਰਧਾਨ ਮੰਤਰੀ ਨੇ ਭਾਰਤ ਦੇ ਨਾਲ ਗੱਲਬਾਤ ਦੀ ਇੱਛਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਇਥੇ ਤੱਕ ਕਿ ਸ਼ੀਤ ਯੁੱਧ ਵੀ ਦੋਹਾਂ ਦੇਸ਼ਾਂ ਦੇ ਹਿੱਤ ਵਿਚ ਨਹੀਂ ਹੋਵੇਗਾ।

ਦੋ ਪਰਮਾਣੂ ਸਮਰਥ ਦੇਸ਼ਾਂ ਦਾ ਯੁੱਧ ਵਿਚ ਸ਼ਾਮਲ ਹੋਣਾ ਖ਼ੁਦਕੁਸ਼ੀ ਦੀ ਤਰ੍ਹਾਂ ਹੈ। ਉਹਨਾਂ ਕਿਹਾ ਕਿ ਭਾਰਤ ਨੇ ਉਹਨਾਂ ਵੱਲੋਂ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਸਥਾਪਨਾ ਲਈ ਪੇਸ਼ ਕੀਤੀਆਂ ਗਈਆਂ ਪੇਸ਼ਕਸ਼ਾਂ ਦਾ ਜਵਾਬ ਨਹੀਂ ਦਿਤਾ। ਦੱਸ ਦਈਏ ਕਿ ਇਸ ਸਮਲੇ 'ਤੇ ਭਾਰਤ ਦਾ ਕਹਿਣਾ ਹੈ ਕਿ ਅਤਿਵਾਦ ਅਤੇ ਗੱਲਬਾਤ ਦੋਵੇਂ ਨਾਲ-ਨਾਲ ਨਹੀਂ ਹੋ ਸਕਦੇ। ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੂੰ ਇਕ ਕਦਮ ਅੱਗੇ ਵਧਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਦੋ ਕਦਮ ਵਧਾਉਂਦੇ ਪਰ ਭਾਰਤ ਨੇ ਇਸ ਗੱਲਬਾਤ ਦੀ ਪੇਸ਼ਕਸ਼ ਕਈ ਵਾਰ ਠੁਕਰਾ ਦਿਤੀ।

ਇਮਰਾਨ ਖਾਨ ਨੇ ਕਿਹਾ ਕਿ ਭਾਰਤ ਕਸ਼ਮੀਰੀ ਲੋਕਾਂ ਦੇ ਅਧਿਕਾਰਾਂ ਨੂੰ ਕਦੇ ਦਬਾਅ ਨਹੀਂ ਸਕੇਗਾ। ਜ਼ਿਕਰਯੋਗ ਹੈ ਕਿ 2016 ਵਿਚ ਪਾਕਿਸਤਾਨੀ ਅਤਿਵਾਦੀਆਂ ਦੇ ਹਮਲਿਆਂ ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਭਾਰਤ ਦੇ ਸਰਜੀਕਲ ਹਮਲੇ ਤੋਂ ਬਾਅਦ ਤੋਂ ਹੀ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਹਨ। ਭਾਰਤ ਪਾਕਿਸਤਾਨ ਵਿਚ ਬੈਠੇ ਮੁੰਬਈ ਹਮਲੇ ਦੇ ਮੁੱਖ ਦੋਸ਼ੀ ਅਤਿਵਾਦੀ ਹਾਫਿਜ਼ ਸਈਦ ਨੂੰ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ।