ਕਿਰਾਏ ਤੋਂ ਬਚਣ ਲਈ ਵਿਦਿਆਰਥਣ ਦਾ ਅਨੋਖਾ ਉਪਰਾਲਾ, ਵੈਨ ਨੂੰ ਬਣਾ ਧਰਿਆ ਘਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਆਏ ਮਹੀਨੇ ਕਿਰਾਇਆ ਦੇਣ ਤੋਂ ਮਿਲਿਆ ਛੁਟਕਾਰਾ

file photo

ਐਡਿਨਬਰਗ : ਘਰ ਤੋਂ ਦੂਰ ਰਹਿ ਕੇ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਸਰ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮਕਾਨ ਮਿਲ ਵੀ ਜਾਵੇ, ਤਾਂ ਮਕਾਨ ਮਾਲਕ ਦੀਆਂ ਬੰਦਿਸ਼ਾਂ ਤੋਂ ਇਲਾਵਾ ਹਰ ਮਹੀਨੇ ਕਿਰਾਇਆ ਦੇਣ ਦਾ ਫਿਕਰ ਰਹਿੰਦਾ ਹੈ। ਪਰ ਸਕਾਟਲੈਂਡ ਦੀ ਇਕ ਵਿਦਿਆਰਥਣ ਨੇ ਮਕਾਨ ਦੀ ਸਮੱਸਿਆ ਦੇ ਹੱਲ ਲਈ ਅਨੌਖੇ ਤਰੀਕੇ ਨਾਲ ਕੀਤਾ ਹੈ।

ਸਕਾਟਲੈਂਡ ਦੇ ਪੇਸਲੇ ਸ਼ਹਿਰ ਦੀ ਵਾਸੀ 25 ਸਾਲਾ ਵਿਦਿਆਰਥਣ ਕੈਟਲਿਨ ਮਾਨੇ ਕਿਰਾਏ ਦੇ ਮਕਾਨ 'ਚ ਰਹਿਣ ਕਾਰਨ ਕਾਫ਼ੀ ਪ੍ਰੇਸ਼ਾਨ ਸੀ। ਹਰ ਮਹੀਨੇ ਕਿਰਾਇਆ ਦੇਣ ਤੋਂ ਪ੍ਰੇਸ਼ਾਨ ਹੋਈ ਵਿਦਿਆਰਥਣ ਨੇ ਰਿਹਾਇਸ਼ ਦਾ ਪੱਕਾ ਹੱਲ ਲਭਦਿਆਂ ਇਕ ਵੈਨ ਨੂੰ ਹੀ ਅਪਣਾ ਘਰ ਬਣਾ ਲਿਆ। ਕੈਟਲਿਨ ਨੇ ਇਸ ਮਕਸਦ ਲਈ 3 ਹਜ਼ਾਰ ਪੌਂਡ 'ਚ ਇਕ 35 ਸਾਲ ਪੁਰਾਣੀ ਵੈਨ ਨੂੰ ਖਰੀਦ ਕੇ ਉਸ ਦੀ ਮੁਰੰਮਤ ਕਰਵਾ ਕੇ ਤੁਰਦੇ-ਫਿਰਦੇ ਘਰ 'ਚ ਤਬਦੀਲ ਕਰ ਲਿਆ।

ਕੈਟਲਿਨ ਮੁਤਾਬਕ ਭਾਵੇਂ ਉਸ ਦਾ ਕਿਰਾਇਆ ਕੋਈ ਬਹੁਤਾ ਜ਼ਿਆਦਾ ਨਹੀਂ ਸੀ ਪਰ ਫਿਰ ਵੀ ਉਸ ਨੂੰ ਆਏ ਮਹੀਨੇ ਇਹ ਰਕਮ ਦੇਣੀ ਫ਼ਾਲਤੂ ਲਗਦਾ ਹੈ। ਉਸ ਮੁਤਾਬਕ ਉਹ ਸਾਰਾ ਦਿਨ ਕਾਲਜ ਜਾਣ ਜਾਂ ਬਾਕੀ ਕੰਮਾਂ ਲਈ ਘਰੋਂ ਬਾਹਰ ਰਹਿੰਦੀ ਹੈ। ਇਸ ਤਰ੍ਹਾਂ ਉਸ ਨੂੰ ਹਰ ਮਹੀਨੇ 250 ਪੌਡ (ਕਰੀਬ 23,403 ਰੁਪਏ) ਹਰ ਮਹੀਨੇ ਬੇਵਜ੍ਹਾ ਦੇਣੇ ਪੈ ਰਹੇ ਸਨ।

ਕੈਟਲਿਨ ਅਨੁਸਾਰ ਉਹ ਕਾਫ਼ੀ ਸਮੇਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਸੀ ਕਿ ਉਸ ਨੂੰ ਸਿਰਫ਼ ਸੌਣ ਲਈ ਹੀ ਘਰ ਜਾਣਾ ਪੈਂਦਾ ਸੀ। ਇਹ ਸੋਚ ਕੇ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਸਿਰਫ਼ ਕੁੱਝ ਘੰਟਿਆਂ ਦੀ ਨੀਂਦ ਪੂਰੀ ਕਰਨ ਲਈ ਹੀ ਘਰ ਜਾ ਰਹੀ ਹੈ। ਕੈਟਲਿਨ ਦਾ ਕਹਿਣਾ ਹੈ ਕਿ ਹੁਣ ਅੱਧਾ ਮਹੀਨਾ ਬੀਤਣ ਬਾਅਦ ਵੈਸੇ ਵੀ ਬਚਤ ਘੱਟ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਕਿਰਾਏ ਦਾ ਖ਼ਰਚਾ ਪ੍ਰੇਸ਼ਾਨ ਕਰਦਾ ਸੀ। ਹੁਣ ਵੈਨ ਨੂੰ ਘਰ ਬਣਾਉਣ ਬਾਅਦ ਉਸ ਨੂੰ ਇਸ ਖ਼ਰਚੇ ਤੋਂ ਛੁਟਕਾਰਾ ਮਿਲ ਗਿਆ ਹੈ। ਉਸ ਨੇ ਦਸਿਆ ਕਿ ਉਸ ਨੂੰ ਵੈਨ ਨੂੰ ਘਰ ਬਣਾਉਣ ਦਾ ਸੁਝਾਅ ਇਕ ਦੋਸਤ ਨੇ ਦਿਤਾ ਸੀ।