ਮਾਲਦੀਵ ਦੀ 'ਫ਼੍ਰਾਈਡੇ ਮਸਜਿਦ' ਦੀ ਸੰਭਾਲ ਵਿਚ ਮਦਦ ਕਰੇਗਾ ਭਾਰਤ : ਮੋਦੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਵਿਚ ਕਿਤੇ ਵੀ ਅਜਿਹੀ ਮਸਜਿਦ ਨਹੀਂ ਹੈ : ਮੋਦੀ

India to help in conservation of Maldives' Friday Mosque: Modi

ਮਾਲੇ : ਪ੍ਰਧਾਨ ਮੰਤਰੀ ਨਰਿੰਦਰ ਨੇ ਮਾਲਦੀਵ ਦੀ 'ਫ਼੍ਰਾਈਡੇ ਮਸਜਿਦ' ਦੀ ਸੰਭਾਲ ਵਿਚ ਭਾਰਤ ਵਲੋਂ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਮਸਜਿਦ ਕਾਫ਼ੀ ਅਹਿਮ ਮੂੰਗਾ ਪੱਥਰਾਂ ਨਾਲ ਬਣੀ ਹੋਈ ਹੈ। ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਦੇਸ਼ ਦੀ ਸੰਸਦ 'ਮਜਲਿਸ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਭਾਰਤ ਤੇ ਮਾਲਦੀਵ ਦਾ ਸਬੰਧ ਤਾਂ ਇਤਿਹਾਸ ਤੋਂ ਵੀ ਪੁਰਾਣਾ ਹੈ। ਇਸ ਮਸਜਿਦ ਨੂੰ ਹੁਕਰੂ ਮਿਸਕੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

ਮੋਦੀ ਨੇ ਕਿਹਾ ਕਿ ਦੁਨੀਆਂ ਵਿਚ ਕਿਤੇ ਵੀ ਅਜਿਹੀ ਮਸਜਿਦ ਨਹੀਂ ਹੈ, ਇਹ ਇਤਿਹਾਸਕ ਮਸਜਿਦ ਮੂੰਗਾ ਪੱਥਰਾਂ ਨਾਲ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਮਾਲਦੀਵ ਵਿਕਾਸ ਵਲ ਵੱਧ ਰਿਹਾ ਹੈ ਅਤੇ ਉਹ ਕੌਮਾਂਤਰੀ ਸੌਰ ਗਠਜੋੜ ਦਾ ਹਿੱਸਾ ਬਣ ਗਿਆ ਹੈ। ਇਕ ਸਾਂਝੇ ਬਿਆਨ ਵਿਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੇਹ ਨੇ ਭਾਰਤ ਵਲੋਂ ਮਸਜਿਦ ਦੀ ਸੰਭਾਲ ਕਰਨ ਦੀ ਪੇਸ਼ਕਸ਼ ਲਈ ਭਾਰਤ ਦਾ ਧਨਵਾਦ ਕੀਤਾ ਹੈ। ਸਾਲ 1658 ਵਿਚ ਬਣੀ ਇਹ ਮਸਜਿਦ ਕਾਫ਼ੂ ਪਟੇਲ ਦੇ ਮਾਲੇ ਸ਼ਹਿਰ ਵਿਚ ਬਣੀ ਸੱਭ ਤੋਂ ਪੁਰਾਣੀ ਅਤੇ ਸੁੰਦਰ ਮਸਜਿਦਾਂ ਵਿਚੋਂ ਇਕ ਹੈ। ਇਸ ਮਸਜਿਦ ਨੂੰ ਸਾਲ 2008 ਵਿਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਿਚ ਪਹਿਲ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਸੀ। 

ਦੂਜੇ ਪਾਸੇ ਮਾਲਦੀਵ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਿਆਸੀ ਅਹਿਮ ਵਾਲੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸਾਂਝਾ ਆਰਥਕ ਵਿਕਾਸ ਦਾ ਖੇਤਰ ਬਣਾਉਣ ਦੀ ਅਪਣੀ ਵਚਨਬਧਤਾ ਪ੍ਰਗਟਾਈ। ਇਸ ਖੇਤਰ ਵਿਚ ਚੀਨ ਅਪਣੀ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਪਾਰ ਅਤੇ ਖ਼ੁਸ਼ਹਾਲੀ ਦਾ ਰਾਹ ਵੀ ਹੈ। ਉਹ ਹਰ ਤਰ੍ਹਾਂ ਨਾਲ ਦੋਹਾਂ ਦੇਸ਼ਾਂ ਦੇ ਸਾਂਝੇ ਭਵਿੱਖ ਦੀ ਕੂੰਜੀ ਹੈ। ਭਾਰਤ ਅਮਰੀਕਾ ਅਤੇ ਕਈ ਹੋਰ ਆਲਮੀ ਤਾਕਤਾਂ ਖੇਤਰ ਵਿਚ ਚੀਨ ਦੀ ਵਧਦੀਆਂ ਫ਼ੌਜ ਕੋਸ਼ਿਸ਼ਾਂ ਦੌਰਾਨ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਲੋੜ ਦੀ ਗੱਲ ਕਰ ਰਹੀਆਂ ਹਨ। ਮਾਲਦੀਵ ਨੂੰ ਸਮੁੰਦਰੀ ਗੁਆਂਢੀ ਅਤੇ ਦੋਸਤ ਦਸਦੇ ਹੋਏ ਮੋਦੀ ਨੇ ਕਿਹਾ ਕਿ ਦੋਸਤਾਂ ਵਿਚ ਕੋਈ ਵੱਡਾ, ਛੋਟਾ, ਕਮਜ਼ੋਰ ਅਤੇ ਤਾਕਤਵਰ ਨਹੀਂ ਹੁੰਦਾ।

ਸ਼ਾਂਤੀਭਰੇ ਗੁਆਂਢ ਦੀ ਬੁਨਿਆਦ ਵਿਸ਼ਵਾਸ ਅਤੇ ਸਹਿਯੋਗ 'ਤੇ ਟਿਕੀ ਹੁੰਦੀ ਹੈ। ਚੀਨ ਲਗਭਗ ਪੂਰੇ ਦਖਣੀ ਚੀਨ ਸਾਗਰ 'ਤੇ ਅਪਣਾ ਦਾਅਵਾ ਕਰਦਾ ਹੈ। ਇਸ ਨੂੰ ਲੈ ਕੇ ਵਿਅਤਨਾਮ, ਫ਼ਿਲੀਪੀਨ, ਮਲੇਸ਼ੀਆ, ਬਰੂਨੇਈ ਅਤੇ ਤਾਇਵਾਨ ਦੇ ਅਪਣੇ ਵਖਰੇ-ਵਖਰੇ ਦਾਅਵੇ ਹਨ। ਇਸ ਸਬੰਧੀ ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਅਪਣੀਆਂ ਪ੍ਰਾਪਤੀਆਂ ਨੂੰ ਦੁਨੀਆਂ ਨਾਲ ਸਾਂਝਾ ਕੀਤਾ ਹੈ। ਭਾਰਤ ਦੀ ਵਿਕਾਸ ਭਾਈਵਾਲੀ ਲੋਕਾਂ ਨੂੰ ਮਜ਼ਬੂਤ ਕਰਨ ਦੀ ਹੈ ਨਾ ਕਿ ਉਨ੍ਹ੍ਹਾਂ ਨੂੰ ਕਮਜ਼ੋਰ ਕਰਨ ਦੀ।