ਮਾਲਕ ਨੇ ਪੁਲ ਤੋਂ ਛਾਲ ਮਾਰ ਕੇ ਦਿੱਤੀ ਜਾਨ, 4 ਦਿਨ ਉੱਥੇ ਹੀ ਇੰਤਜ਼ਾਰ ਕਰਦਾ ਰਿਹਾ ਵਫਾਦਾਰ ਕੁੱਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੁੱਤੇ ਨੂੰ ਇਨਸਾਨਾਂ ਪ੍ਰਤੀ ਸਭ ਤੋਂ ਜ਼ਿਆਦਾ ਵਫਾਦਾਰ ਮੰਨਿਆ ਜਾਂਦਾ ਹੈ।

Dog

ਨਵੀਂ ਦਿੱਲੀ: ਕੁੱਤੇ ਨੂੰ ਇਨਸਾਨਾਂ ਪ੍ਰਤੀ ਸਭ ਤੋਂ ਜ਼ਿਆਦਾ ਵਫਾਦਾਰ ਮੰਨਿਆ ਜਾਂਦਾ ਹੈ। ਲੋਕ ਅਪਣੇ ਪਾਲਤੂ ਕੁੱਤਿਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਹਨਾਂ ਦੀ ਹਰ ਸਹੂਲਤ ਦਾ ਖਿਆਲ ਰੱਖਦੇ ਹਨ।

ਮਾਲਕ ਨਾਲ ਕੁੱਤੇ ਦੀ ਵਫ਼ਾਦਾਰੀ ਦੀ ਇਕ ਉਦਾਹਰਣ ਚੀਨ ਵਿਚ ਦੇਖਣ ਨੂੰ ਮਿਲੀ ਜਿੱਥੇ ਮਾਲਕ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ। ਉਸੇ ਸਮੇਂ ਉਸ ਦਾ ਕੁੱਤਾ ਉਸ ਦੇ ਪਰਤਣ ਲਈ 4 ਦਿਨ ਇੰਤਜ਼ਾਰ ਕਰਦਾ ਰਿਹਾ।

ਚੀਨ ਵਿਚ ਇਕ ਕੁੱਤੇ ਨੇ ਦੇਖਿਆ ਕਿ ਉਸ ਦੇ ਮਾਲਕ ਨੇ ਪੁਲ ਤੋਂ ਹੇਠਾਂ ਛਾਲ ਲਗਾ ਕੇ ਆਤਮ ਹੱਤਿਆ ਕਰ ਲਈ ਪਰ ਫਿਰ ਵੀ ਉਹ ਚਾਰ ਦਿਨਾਂ ਤੱਕ ਉਸੇ ਪੁਲ 'ਤੇ ਬੈਠਿਆ ਰਿਹਾ ਤੇ ਅਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਿਹਾ। ਇਸ ਦੌਰਾਨ ਉੱਥੋਂ ਗੁਜ਼ਰ ਰਹੇ ਇਕ ਵਿਅਕਤੀ ਨੇ ਚਾਰ ਦਿਨ ਤੋਂ ਅਪਣੇ ਮਾਲਕ ਦਾ ਇੰਤਜ਼ਾਰ ਕਰ ਰਹੇ ਕੁੱਤੇ ਦੀ ਤਸਵੀਰ ਖਿੱਚ ਲਈ।

ਮਾਲਕ ਪ੍ਰਤੀ ਕੁੱਤੇ ਦੀ ਵਫਾਦਾਰੀ ਦੇਖ ਕੇ ਉਸ ਵਿਅਕਤੀ ਨੇ ਕੁੱਤੇ ਨੂੰ ਗੋਦ ਲੈਣ ਦੀ ਸੋਚੀ ਪਰ ਉਹ ਉੱਥੋਂ ਭੱਜ ਗਿਆ। ਸਥਾਨਕ ਵਲੰਟੀਅਰਾਂ ਦੀ ਸਹਾਇਤਾ ਨਾਲ ਵੁਹਾਨ ਸਮਾਲ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਡਾਇਰੈਕਟਰ ਡੂ ਫੈਨ ਹੁਣ ਕੁੱਤੇ ਦੀ ਭਾਲ ਕਰ ਰਹੇ ਹਨ ਤਾਂ ਜੋ ਇਸ ਦੇ ਰਹਿਣ ਲਈ ਪ੍ਰਬੰਧ ਕੀਤਾ ਜਾਵੇ।

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਕੁੱਤਾ 30 ਮਈ ਦੀ ਸ਼ਾਮ ਨੂੰ ਆਪਣੇ ਮਾਲਕ ਦੇ ਮਗਰ ਆਇਆ ਅਤੇ ਉਸ ਪੁਲ ਕੋਲ ਪਹੁੰਚਿਆ ਜਿੱਥੋਂ ਉਸ ਦੇ ਮਾਲਕ ਨੇ ਛਾਲ ਮਾਰ ਦਿੱਤੀ ਅਤੇ ਮਾਲਕ ਦੀ ਮੌਤ ਹੋ ਗਈ। ਮਾਲਕ ਦੀ ਮੌਤ ਤੋਂ ਬਾਅਦ ਵੀ ਕੁੱਤਾ ਉਸ ਜਗ੍ਹਾ 'ਤੇ ਚਾਰ ਦਿਨ ਬੈਠਾ ਰਿਹਾ।