ਅੱਗ ਪ੍ਰਭਾਵਿਤ ਲੋਕਾਂ ਦੀ ਸੇਵਾ 'ਚ ਲੱਗੀ ਇਹ ਸਿੰਘਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੌਮਾ 'ਚ ਪਈ ਭੈਣ ਨੂੰ ਮਿਲਣ ਆਉਣਾ ਸੀ ਪੰਜਾਬ...ਪਰ ਭਾਵਨਾਵਾਂ ਨੂੰ ਕਾਬੂ ਰੱਖ ਅੱਗ ਪ੍ਰਭਾਵਿਤ ਲੋਕਾਂ ਦੀ ਸੇਵਾ 'ਚ ਲੱਗੀ ਇਹ ਸਿੰਘਣੀ

File Photo

ਆਸਟ੍ਰੇਲੀਆ- ਅਕਸਰ ਦੁਨੀਆ ਭਰ ਵਿਚ ਕਿਸੇ ਵੀ ਥਾਂ ਮੁਸੀਬਤ ਦੀ ਘੜੀ ਬਣਨ ਤੇ ਸਿੱਖ ਭਾਈਚਾਰਾ ਹਮੇਸ਼ਾ ਆਪਣੀ ਸੇਵਾ ਦੇਣ ਲਈ ਤਿਆਰ ਰਹਿੰਦਾ ਹੈ। ਇਸ ਦੀ ਇਕ ਵੱਡੀ ਮਿਸਾਲ ਹੈ ਸੁਖਵਿੰਦਰ ਕੌਰ, ਜੋ ਕਿ ਆਸਟਰੇਲੀਆਂ ਵਿਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਲੰਗਰ ਦੀ ਸੇਵਾ ਵਿਚ ਲੱਗੀ ਹੋਈ ਹੈ।

ਸੁਖਵਿੰਦਰ ਕੌਰ ਨੇ ਦੱਸ ਸਾਲ ਬਾਅਦ ਪੰਜਾਬ ਆਉਣਾ ਸੀ ਤੇ ਆਪਣੀ ਭੈਣ ਨੂੰ ਮਿਲਣਾ ਸੀ। ਕੌਮਾ 'ਚ ਗਈ ਆਪਣੀ ਭੈਣ ਨੂੰ ਦੇਖ ਕੇ ਵੀ ਸੁਖਵਿੰਦਰ ਨੇ ਆਪਣੀਆਂ ਭਾਵਨਾਂਵਾਂ ਤੇ ਕਾਬੂ ਰੱਖਿਆ ਤੇ ਹੁਣ ਵਿਕਟੋਰੀਆ 'ਚ ਲੰਗਰ ਦੀ ਸੇਵਾ ਨਿਭਾ ਰਹੀ ਹੈ। 

ਸੁਖਵਿੰਦਰ ਕੌਰ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਦਿਨ-ਰਾਤ ਇਕ ਕਰਕੇ ਲੰਗਰ ਤਿਆਰ ਕਰਨ ਦੀ ਸੇਵਾ ਨਿਭਾ ਰਹੀ ਹੈ। ਰੋਜ਼ਾਨਾ ਤੜਕਸਾਰ ਉਠ ਕੇ ਰਾਤ ਦੇ 11-11 ਵਜੇ ਤੱਕ ਸੁਖਵਿੰਦਰ ਲੰਗਰ ਦੀ ਸੇਵਾ ਵਿਚ ਲੱਗੀ ਰਹਿੰਦੀ ਹੈ।

ਵਿਕਟੋਰੀਆ ਦੇ ਪ੍ਰੀਮੀਅਰ ਨੇ ਵੀ ਸੁਖਵਿੰਦਰ ਤੇ ਉਸ ਦੀ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ।

ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਜਦਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ,

ਹਵਾ 'ਚ ਗੈਸ ਮਿਲਣ ਕਾਰਨ ਲੋਕਾਂ ਨੂੰ ਸਾਂਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਲੋਕ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋ ਚੁਕੇ ਹਨ।

ਦੱਸ ਦਈਏ ਕਿ ਆਸਟਰੇਲੀਆ ਦੇ ਹਰ ਖੇਤਰ 'ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। 

ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਅੱਗ ਨਾਲ ਪੀੜਤ ਲੋਕਾਂ ਲਈ ਆਪਣੇ ਰੈਸਟੋਰੈਟ ਵਿੱਚ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। 

ਹਰ ਰੋਜ ਵੱਡੀ ਗਿਣਤੀ ਵਿੱਚ ਸਥਾਨਿਕ ਲੋਕ ਦੇਸੀ ਗਰਿੱਲ ਰੈਸਟੋਰੈਟ ਤੋਂ ਭੋਜਨ ਛੱਡਦੇ ਹਨ। ਇਸ ਮੌਕੇ ਪੰਜਾਬ ਦੇ ਇਤਿਹਾਸਕ ਪਿੰਡ ਕੁਤਬੇ ਨਾਲ ਸੰਬੰਧ ਰੱਖਣ ਵਾਲੇ ਕੰਵਲਜੀਤ ਸਿੰਘ ਰਾਏ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਬਾਬੇ ਨਾਨਕ ਦੇ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਆਪਣਾ ਫਰਜ ਨਿਭਾ ਰਹੇ ਹਨ। 

ਇਸ ਮੌਕੇ ਉਹਨਾ ਨੇ ਆਪਣੇ ਸਾਰੇ ਸਟਾਫ਼ ਅਤੇ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜਿਹਨਾ ਦੇ ਸਹਿਯੋਗ ਨਾਲ ਉਹ ਇਸ ਵਡਮੁੱਲੇ ਕਾਰਜ ਨੂੰ ਕਰ ਰਹੇ ਹਨ। ਜਿਕਰਯੋਗ ਹੈ ਕਿ ਸਿਖਾਂ ਵਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਈ ਜਾ ਰਹੀ ਭੂਮਿਕਾ ਕਾਰਨ ਜਿੱਥ ਆਸਟਰੇਲੀਅਨ ਲੋਕਾਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਰਹੀ ਹੈ ਉਥੇ ਆਸਟਰੇਲੀਅਨ ਮੀਡੀਆ ਵੀ ਸਿੱਖਾਂ ਦੀ ਸ਼ਲਾਘਾ ਤੇ ਧੰਨਵਾਦ ਕਰਦਾ ਨਹੀਂ ਥੱਕ ਰਿਹਾ।