ਅਫ਼ਗਾਨਿਸਤਾਨ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦੀ ਹੜੱਪੀ ਜ਼ਮੀਨ ਬਾਰੇ ਕੀਤਾ ਅਹਿਮ ਐਲਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਆਂ ਮੰਤਰਾਲੇ ਨੇ ਸਿੱਖਾਂ ਅਤੇ ਹਿੰਦੂਆਂ ਦੀ ਹੜੱਪੀ ਜ਼ਮੀਨ ਦੀ ਜਾਂਚ ਸ਼ੁਰੂ, ਦਸਤਾਵੇਜ਼ ਮੰਗੇ

Afghan Sikhs

ਕਾਬੁਲ: ਅਫ਼ਗਾਨਿਸਤਾਨ ਦੇ ਨਿਆਂ ਮੰਤਰਾਲੇ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਹੈ ਕਿ ਦੇਸ਼ ਭਰ ਅੰਦਰ ਸਿੱਖਾਂ ਅਤੇ ਹਿੰਦੂਆਂ ਨਾਲ ਸਬੰਧਤ ਜ਼ਮੀਨ ਨੂੰ ਹੜੱਪਣ ਦੇ ਮਾਮਲਿਆਂ ਬਾਰੇ ਜਾਂਚ ਜ਼ਮੀਨ ’ਤੇ ਕਬਜ਼ਾ ਕਰਨ ਦੀ ਰੋਕਥਾਮ ਅਤੇ ਬਹਾਲੀ ਬਾਰੇ ਇਕ ਕਮਿਸ਼ਨ ਨੇ ਸ਼ੁਰੂ ਕਰ ਦਿਤੀ ਹੈ। 

‘ਏਰੀਆਨਾ ਨਿਉਜ਼’ ਦੀ ਇਕ ਖ਼ਬਰ ਮੁਤਾਬਕ ਨਿਆਂ ਮੰਤਰਾਲੇ ਨੇ ਸਿੱਖਾਂ ਅਤੇ ਹਿੰਦੂਆਂ ਨੂੰ ਕਿਹਾ ਹੈ ਕਿ ਉਹ ਜ਼ਮੀਨ ਦੀ ਮਾਲਕੀ ਦੇ ਅਪਣੇ ਦਸਤਾਵੇਜ਼ ਅਤੇ ਹੋਰ ਜਾਣਕਾਰੀ ਸੂਬਾਈ ਤਕਨੀਕੀ ਟੀਮਾਂ ਨਾਲ ਸਾਂਝਾ ਕਰਨ ਤਾਂ ਜੋ ਲੋੜੀਂਦੇ ਕਦਮ ਚੁਕੇ ਜਾ ਸਕਣ। 

ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਰਾਜਧਾਨੀ ਅਤੇ ਸੂਬਿਆਂ ਵਿਚ ਤਕਨੀਕੀ ਟੀਮਾਂ ਨੂੰ ਹਿੰਦੂਆਂ ਅਤੇ ਸਿੱਖਾਂ ਨਾਲ ਸਬੰਧਤ ਹੜੱਪੀ ਗਈ ਜ਼ਮੀਨ ਅਤੇ ਹੜੱਪੇ ਜਾਣ ਦੇ ਖ਼ਤਰੇ ਵਾਲੀ ਜ਼ਮੀਨ ਦੀ ਪਛਾਣ ਕਰਨ ਦੇ ਹੁਕਮ ਦਿਤੇ ਹਨ। ਬਿਆਨ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਜਿਸ ਜ਼ਮੀਨ ਦੇ ਮਾਲਕ ਦੇਸ਼ ਵਿਚ ਮੌਜੂਦ ਨਹੀਂ ਹਨ, ਉਸ ਜ਼ਮੀਨ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ।

ਅਗਲੇ ਮਹੀਨੇ 200 ਸਿੱਖ ਅਤੇ ਹਿੰਦੂ ਪਰਵਾਰ ਅਫ਼ਗਾਨਿਸਤਾਨ ਵਾਪਸ ਆ ਸਕਦੇ ਹਨ: ਸਿੱਖ ਆਗੂ

ਇਸ ਦੌਰਾਨ ਅਫਗਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੁਖੀ ਮਨਜੀਤ ਸਿੰਘ ਲਾਂਬਾ ਨੇ ‘ਟੋਲੋ ਨਿਊਜ਼’ ਨੂੰ ਦਸਿਆ ਕਿ ਇਸ ਸਮੇਂ ਦੇਸ਼ ਵਿਚ ਲਗਭਗ 40 ਤੋਂ 50 ਸਿੱਖ ਅਤੇ ਹਿੰਦੂ ਨਾਗਰਿਕ ਰਹਿ ਰਹੇ ਹਨ, ਪਰ ਅਗਲੇ ਮਹੀਨੇ ਵਿਚ 200 ਦੇ ਕਰੀਬ ਸਿੱਖ ਅਤੇ ਹਿੰਦੂ ਪਰਵਾਰਾਂ ਦੇ ਦੇਸ਼ ਵਾਪਸ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘‘ਜਦੋਂ ਤੋਂ ਇਸਲਾਮਿਕ ਅਮੀਰਾਤ ਨੇ ਦੇਸ਼ ’ਤੇ ਮੁੜ ਕਬਜ਼ਾ ਕਰ ਲਿਆ ਹੈ, ਸਾਡੇ ਲੋਕ ਹੌਲੀ-ਹੌਲੀ ਵਾਪਸ ਆ ਰਹੇ ਹਨ। ਅਫਗਾਨਿਸਤਾਨ ਪਰਤਣ ’ਚ ਕੁੱਝ ਸਮੱਸਿਆਵਾਂ ਹਨ, ਜਿਵੇਂ ਕਿ ਵੀਜ਼ਾ ਮੁੱਦੇ। ਇਸ ਸਮੇਂ ਅਫਗਾਨਿਸਤਾਨ ’ਚ 50 ਜਾਂ 45 ਲੋਕ ਰਹਿ ਰਹੇ ਹਨ।’’

ਇਸ ਦੌਰਾਨ ਕਈ ਸਿੱਖ ਨਾਗਰਿਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸਲਾਮਿਕ ਅਮੀਰਾਤ ਉਨ੍ਹਾਂ ਦੀ ਜ਼ਬਤ ਕੀਤੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਜਲਦੀ ਤੋਂ ਜਲਦੀ ਕਦਮ ਚੁੱਕੇਗਾ। ਅਫਗਾਨਿਸਤਾਨ ਦੇ ਵਸਨੀਕ ਸੁਰਜੀਤ ਸਿੰਘ ਨੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਦੀ ਮੰਗ ਕੀਤੀ, ਖਾਸ ਕਰ ਕੇ ਦੇਸ਼ ’ਚ ਹਿੰਦੂਆਂ ਅਤੇ ਸਿੱਖਾਂ ਲਈ। 

ਸੁਰਜੀਤ ਸਿੰਘ ਨੇ ਕਿਹਾ, ‘‘ਜੋ ਹਿੰਦੂ ਪਰਵਾਰ ਭਾਰਤ ਵਾਪਸ ਚਲੇ ਗਏ ਸਨ, ਉਹ ਹੁਣ ਵਾਪਸ ਆ ਰਹੇ ਹਨ। ਉਨ੍ਹਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਇਸਲਾਮਿਕ ਅਮੀਰਾਤ ਸਾਡੀਆਂ ਜ਼ਮੀਨਾਂ ਵਾਪਸ ਕਰੇ। ਹਾਲਾਂਕਿ ਹੁਣ ਸੁਰੱਖਿਆ ਹੈ, ਅਸੀਂ ਚਾਹੁੰਦੇ ਹਾਂ ਕਿ ਸਾਡੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾਵੇ।’’ ਇਕ ਹੋਰ ਸਿੱਖ ਨਾਗਰਿਕ ਜਗਮੋਹਨ ਸਿੰਘ ਨੇ ਕਿਹਾ, ‘‘ਅਸੀਂ ਕਾਰੋਬਾਰੀ ਸੋਚ ਵਾਲੇ ਲੋਕ ਹਾਂ ਅਤੇ ਕਾਰੋਬਾਰ ਲਈ ਅਨੁਕੂਲ ਹਾਲਾਤ ਪੈਦਾ ਕਰਦੇ ਹਾਂ।’’ 

ਇਸਲਾਮਿਕ ਅਮੀਰਾਤ ਨੇ ਵਾਅਦਾ ਕੀਤਾ ਹੈ ਕਿ ਦੇਸ਼ ’ਚ ਸਾਰੀਆਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਗਈ ਹੈ। ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਹਿੰਦੂ ਨਾਗਰਿਕਾਂ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਹੈ ਤਾਂ ਉਹ ਨਿਆਂਇਕ ਅਤੇ ਕਾਨੂੰਨੀ ਸੰਸਥਾਵਾਂ ਵਿਚ ਅਪੀਲ ਕਰ ਸਕਦੇ ਹਨ। ਉਨ੍ਹਾਂ ਕਿਹਾ, ‘‘ਜੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ, ਤਾਂ ਸਾਰੀਆਂ ਅਦਾਲਤਾਂ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ, ਉਹ ਮੁਕੱਦਮਾ ਦਾਇਰ ਕਰ ਸਕਦੇ ਹਨ, ਅਤੇ ਇਸਲਾਮਿਕ ਅਮੀਰਾਤ ਉਨ੍ਹਾਂ ਦਾ ਸਮਰਥਨ ਕਰਦਾ ਹੈ। ਅਸੀਂ ਕਿਸੇ ਵੀ ਅਫਗਾਨ ਨਾਗਰਿਕ ਦੇ ਅਧਿਕਾਰਾਂ ਨੂੰ ਖੋਹਣ ਦੀ ਇਜਾਜ਼ਤ ਨਹੀਂ ਦਿੰਦੇ।’’

ਨਿਆਂ ਮੰਤਰਾਲੇ ਦੇ ਬੁਲਾਰੇ ਬਰਖਤੁੱਲਾ ਰਸੌਲੀ ਨੇ ਕਿਹਾ, ‘‘ਹਿੰਦੂਆਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਮੁੱਦੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਦੀ ਜ਼ਮੀਨ ਜ਼ਬਤ ਕੀਤੀ ਗਈ ਹੈ ਜਾਂ ਇਸ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਨੂੰ ਰੋਕਿਆ ਜਾਵੇਗਾ ਅਤੇ ਜਾਇਦਾਦਾਂ ਉਨ੍ਹਾਂ ਦੇ ਸਹੀ ਮਾਲਕਾਂ ਨੂੰ ਵਾਪਸ ਕਰ ਦਿਤੀ ਆਂ ਜਾਣਗੀਆਂ।’’ 

ਹਾਲ ਹੀ ਦੇ ਸਾਲਾਂ ’ਚ, ਘੱਟ ਗਿਣਤੀਆਂ, ਖਾਸ ਕਰ ਕੇ ਦੇਸ਼ ’ਚ ਹਿੰਦੂ ਅਤੇ ਸਿੱਖ ਨਾਗਰਿਕਾਂ ਨੂੰ ਕਈ ਵਾਰ ਵੱਖ-ਵੱਖ ਅਤਿਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ।