ਕੈਨੇਡਾ ਸਰਕਾਰ ਵਲੋਂ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਪ੍ਰੋਗਰਾਮ ਦੇ ਜ਼ਰੀਏ ਆਸਾਨ ਹੋੋਇਆ ਕੈਨੇਡਾ ਜਾਣਾ

Canada

ਟੋਰਾਂਟੋ: ਕੈਨੇਡਾ ਦੀ ਸਰਕਾਰ ਵਲੋਂ ਭਾਰਤੀਆਂ ਲਈ ਇਕ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਦਿਲ ਖੋਲ੍ਹ ਕੇ ਭਾਰਤੀ ਟੈਲੇਂਟ ਨੂੰ ਅਪਣੇ ਇੱਥੇ ਮੌਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਕੈਨੇਡਾ ਵਲੋਂ ਇਕ ਗਲੋਬਲ ਟੈਲੇਂਟ ਸਟ੍ਰੀਮ ਨਾਂਅ ਦਾ ਇਕ ਸਥਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਜ਼ਰੀਏ ਲੋਕਾਂ ਨੂੰ ਬੜ੍ਹੀ ਆਸਾਨੀ ਨਾਲ ਉਥੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ। ਕੈਨੇਡਾ ਦੀ ਇਸ ਯੋਜਨਾ ਨਾਲ ਕੈਨੇਡਾ ਵਿਚ ਕੰਮ ਕਰਨ ਦੇ ਇਛੁੱਕ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਜਾਂ ਗਣਿਤ ਦੇ ਬੈਕਗ੍ਰਾਊਂਡ ਵਾਲੇ ਲੋਕਾਂ ਨੂੰ ਵਧੇਰੇ ਫ਼ਾਇਦਾ ਹੋਵੇਗਾ।

ਇਹੀ ਨਹੀਂ, ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਵੀ ਇਸ ਦਾ ਫ਼ਾਇਦਾ ਚੁੱਕ ਸਕਦੇ ਹਨ। ਕੈਨੇਡਾ ਦੀ ਇਸ ਯੋਜਨਾ ਦੇ ਤਹਿਤ ਨੌਕਰੀ ਦੇਣ ਵਾਲੇ ਰੁਜ਼ਗਾਰਦਾਤਾਵਾਂ ਵਲੋਂ ਦਾਖ਼ਲ ਅਰਜ਼ੀਆਂ ਦਾ ਸਿਰਫ਼ 2 ਹਫ਼ਤਿਆਂ ਵਿਚ ਫ਼ੈਸਲਾ ਸੁਣਾਇਆ ਜਾਵੇਗਾ। ਇਸ ਦਾ ਹੋਰ ਫ਼ਾਇਦਾ ਇਹ ਵੀ ਮਿਲ ਸਕੇਗਾ ਕਿ ਉਹ ਨਾ ਸਿਰਫ਼ ਕੈਨੇਡਾ ਵਿਚ ਵਰਕ ਐਕਸਪੀਰੀਐਂਸ ਲੈਣਗੇ ਬਲਕਿ ਉਨ੍ਹਾਂ ਨੂੰ ਐਕਸਪ੍ਰੈਸ ਐਂਟਰੀ ਰੂਟ ਦੇ ਤਹਿਤ ਸਥਾਈ ਨਾਗਰਿਕਤਾ ਹਾਸਲ ਕਰਨ ਵਿਚ ਵੀ ਪਹਿਲ ਮਿਲੇਗੀ।

ਐਕਸਪ੍ਰੈਸ ਐਂਟਰੀ ਰੂਟ ਇਕ ਪੁਆਇੰਟ ਬੇਸਡ ਸਿਸਟਮ ਹੈ। ਜ਼ਿਕਰਯੋਗ ਹੈ ਕਿ ਇਕ ਅੰਗਰੇਜ਼ੀ ਅਖ਼ਬਾਰ ਨੇ ਪਿਛਲੇ ਸਾਲ 15 ਜੂਨ ਦੇ ਅਪਣੇ ਅੰਕ ਵਿਚ ਇਸ ਗੱਲ ਦੀ ਜਾਣਕਾਰੀ ਦਿਤੀ ਸੀ ਕਿ ਐਕਸਪ੍ਰੈਸ ਐਂਟਰੂ ਰੂਟ ਦੇ ਤਹਿਤ ਸਭ ਤੋਂ ਜ਼ਿਆਦਾ ਭਾਰਤੀਆਂ ਨੂੰ ਸਥਾਈ ਨਾਗਰਿਕਤਾ ਮਿਲੇਗੀ। ਸਾਲ 2017 ਦੇ ਦੌਰਾਨ ਕੁਲ 86,022 ਸੱਦੇ ਭੇਜੇ ਗਏ ਅਤੇ ਇਨ੍ਹਾਂ ਵਿਚੋਂ ਲਗਭੱਗ 42 ਫ਼ੀ ਸਦੀ ਲੋਕ ਅਜਿਹੇ ਸਨ, ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਸੀ।

ਇਕ ਅੰਗਰੇਜ਼ੀ ਅਖ਼ਬਾਰ ਨੂੰ ਕੈਨੇਡਾ ਦੇ ਡਿਪਾਰਟਮੈਂਟ ਆਫ਼ ਇਮੀਗ੍ਰੇਸ਼ਨ, ਰਫ਼ਿਊਜ਼ੀ ਐਂਡ ਸਿਟੀਜ਼ਨਸ਼ਿਪ ਵਲੋਂ ਉਪਲੱਬਧ ਕਰਵਾਏ ਗਏ ਅੰਕੜਿਆਂ ਮੁਤਾਬਕ, ਸਾਲ 2018 ਦੌਰਾਨ ਭਾਰਤੀਆਂ ਨੂੰ 41,000 ਸੱਦੇ ਭੇਜੇ ਗਏ, ਜੋ 13 ਫ਼ੀਸਦੀ ਦਾ ਵਾਧਾ ਦਰਸਾਉਂਦੇ ਹਨ। ਕੈਨੇਡਾ ਦੀ ਇਮੀਗ੍ਰੇਸ਼ਨ, ਰਫ਼ਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਹਾਲ ਹੀ ਵਿਚ ਜਾਰੀ ਬਜਟ ਡਾਕਿਊਮੈਂਟ ਵਿਚ ਕਿਹਾ ਕਿ ਅਸੀਂ ਅਪਣੇ ਗਲੋਬਲ ਸਕਿਲਸ ਸਟ੍ਰੈਟਿਜ਼ੀ ਦੇ ਜ਼ਰੀਏ ਦੁਨੀਆਂ ਭਰ ਦੇ ਬੇਹੱਦ ਉੱਚ ਮਾਹਿਰਤਾ ਰੱਖਣ ਵਾਲੇ ਲੋਕਾਂ ਨੂੰ ਅਪਣੇ ਵੱਲ ਖਿੱਚ ਰਹੇ ਹਾਂ।