ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਪੁਲਿਸ ਨੇ ਲਾਇਆ ਪ੍ਰਧਾਨ ਮੰਤਰੀ ਨੂੰ ਜੁਰਮਾਨਾ
ਇਮਾਨਦਾਰੀ ਨਾਲ ਡਿਊਟੀ ਕਰਨ ਦੀ ਇਕ ਉਦਹਾਰਣ
ਓੁਸਲੋ: ਨਾਰਵੇ ਦੀ ਪੁਲਿਸ ਦੇ ਕੁੱਝ ਅਧਿਕਾਰੀਆਂ ਨੇ ਦੁਨੀਆਂ ਦੇ ਹੋਰ ਪੁਲਿਸ ਅਧਿਕਾਰੀਆਂ ਸਾਹਮਣੇ ਇਕ ਉਤਹਾਰਨ ਪੇਸ਼ ਕੀਤੀ ਹੈ ਕਿ ਡਿਊਟੀ ਕਰਦੇ ਸਮੇਂ ਕਿਸੇ ਵੱਡੇ ਜਾਂ ਵੀ.ਆਈ.ਪੀ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਲਕਿ ਜਿਹੜਾ ਵੀ ਕੋਈ ਕਾਨੂੰਨ ਤੋੜਦਾ ਹੈ ਉਸ ਨਾਲ ਮੁਲਜ਼ਮ ਵਾਲਾ ਵਿਵਹਾਰ ਹੀ ਕੀਤਾ ਜਾਣਾ ਚਾਹੀਦਾ ਹੈ। ਨਾਰਵੇ ’ਚ ਅਜਿਹਾ ਹੋਇਆ ਹੈ।
ਨਾਰਵੇ ਯੂਰਪ ਮਹਾਦੀਪ ’ਚ ਸਥਿਤ ਇਕ ਦੇਸ਼ ਹੈ। ਇਥੇ ਦੀ ਪ੍ਰਧਾਨ ਮੰਤਰੀ ਐਨਾ ਸੋਲਬਰਗ ’ਤੇ ਜੁਰਮਾਨਾ ਲਗਾਇਆ ਗਿਆ ਹੈ। ਨਾਰਵੇ ਦੀ ਪੁਲਿਸ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਅਪਣਾ ਜਨਮ ਦਿਨ ਮਨਾਉਣ ਲਈ ਪਰਵਾਰ ਨੂੰ ਇਕੱਠਾ ਕਰ ਕੇ ਇਕ ਸਮਾਗਮ ਕਰਵਾਇਆ, ਜਿਸ ’ਚ ਉਸ ਨੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਕੋਈ ਸਰੀਰਕ ਦੂਰੀ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ।
ਥਾਣਾ ਮੁਖੀ ਓਲੇ ਸੇਵੇਰੁਡ ਨੇ ਮੀਡੀਆ ਨੂੰ ਦਸਿਆ ਕਿ ਜੁਰਮਾਨੇ ਦੀ ਰਕਮ 20,000 ਨਾਰਵੇਜ਼ਿਅਨ ਕ੍ਰਾਊਨ (ਇਕ ਲੱਖ 70,000 ਤੋਂ ਵੱਧ) ਹੈ। ਸੋਲਬਰਗ ਜੋ ਦੇਸ਼ ਵਿਚ ਪ੍ਰਧਾਨ ਮੰਤਰੀ ਵਜੋਂ ਅਪਣੇ ਦੂਜੇ ਕਾਰਜਕਾਲ ਦੀ ਸੇਵਾ ਨਿਭਾ ਰਹੇ ਹਨ, ਨੇ ਪਿਛਲੇ ਮਹੀਨੇ ਫ਼ਰਵਰੀ ਦੇ ਅਖ਼ੀਰ ’ਚ ਇਕ ਰਿਜ਼ੋਰਟ ਵਿਚ 13 ਪਰਵਾਰਕ ਮੈਂਬਰਾਂ ਨਾਲ ਅਪਣਾ 60ਵਾਂ ਜਨਮ ਦਿਨ ਮਨਾਉਣ ਲਈ ਇਕ ਸਮਾਗਮ ਕਰਵਾਉਣ ਲਈ ਮੁਆਫ਼ੀ ਮੰਗੀ ਹੈ।
ਪੁਲਿਸ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਪੁਲਿਸ ਜ਼ਿਆਦਾਤਰ ਜੁਰਮਾਨਾ ਨਹੀਂ ਲਗਾਉਂਦੀ ਪਰ ਪ੍ਰਧਾਨ ਮੰਤਰੀ ਦੇਸ਼ ਦਾ ਵੱਡਾ ਚਿਹਰਾ ਹੈ, ਜਿਸ ਦੁਆਰਾ ਪਾਬੰਦੀ ਦਾ ਐਲਾਨ ਖ਼ੁਦ ਕੀਤਾ ਗਿਆ ਸੀ। ਸੇਵੇਰੁਡ ਨੇ ਅੱਗੇ ਕਿਹਾ ਕਿ ਕਾਨੂੰਨ ਭਾਵੇਂ ਸਾਰਿਆਂ ਲਈ ਇਕੋ-ਜਿਹਾ ਹੈ। ਇਸ ਦੇ ਬਾਵਜੂਦ ਉਨ੍ਹਾਂ ਜੁਰਮਾਨੇ ਨੂੰ ਜਾਇਜ਼ ਠਹਿਰਾਇਆ।