ਸ਼੍ਰੀਲੰਕਾ ਨੇ ਜੱਲਾਦਾਂ ਦੇ ਅਹੁਦਿਆਂ ਲਈ ਕੀਤੀ ਅਰਜ਼ੀਆਂ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਲ ਕਮਿਸ਼ਨਰ ਪੀਐਨਐਮ ਧਨਾਸਿੰਧੇ ਨੇ ਕਿਹਾ ਕਿ ਇਸ ਬਾਬਤ ਨੋਟਿਸ ਜਾਰੀ ਕਰ ਦਿਤਾ ਗਿਆ ਹੈ ਅਤੇ ਹੁਣ ਅਰਜ਼ੀਆਂ ਕਬੂਲ ਕੀਤੀਆਂ ਜਾਣਗੀਆਂ।

Hangman's job

ਕੋਲੰਬੋ : ਸ਼੍ਰੀਲੰਕਾ ਦੇ ਜੇਲ੍ਹ ਵਿਭਾਗ ਨੇ ਜੱਲਾਦਾਂ  ਦੀ ਨੌਕਰੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਫਾਂਸੀ 'ਤੇ ਲਗੀ 42 ਸਾਲ ਪੁਰਾਣੀ ਪਾਬੰਦੀ ਹਟਾ ਦਿਤੀ ਹੈ। ਜੇਲ ਕਮਿਸ਼ਨਰ ਪੀਐਨਐਮ ਧਨਾਸਿੰਧੇ ਨੇ ਕਿਹਾ ਕਿ ਇਸ ਬਾਬਤ ਨੋਟਿਸ ਜਾਰੀ ਕਰ ਦਿਤਾ ਗਿਆ ਹੈ ਅਤੇ ਹੁਣ ਅਰਜ਼ੀਆਂ ਕਬੂਲ ਕੀਤੀਆਂ ਜਾਣਗੀਆਂ।

ਸ਼੍ਰੀਲੰਕਾ ਵਿਚ ਆਖਰੀ ਵਾਰ ਜੂਨ 1976 ਵਿਚ ਫਾਂਸੀ ਹੋਈ ਸੀ। ਇਸ ਤੋਂ ਬਾਅਦ ਆਏ ਸਾਰੇ ਰਾਸ਼ਟਰਪਤੀਆਂ ਨੇ ਫਾਂਸੀ ਦੀ ਸਜ਼ਾ ਦੇ ਲਈ ਡੈਥ ਵਾਰੰਟ 'ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿਤਾ ਸੀ। ਸਿਰੀਸੈਨਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੋ ਮਹੀਨੇ ਦੇ ਅੰਦਰ ਡਰੱਗ ਤਸਕਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਤੀ ਜਾਵੇਗੀ। ਉਹਨਾਂ ਕਿਹਾ ਕਿ ਡਰੱਗਸ ਨੂੰ ਵਧਾਉਣ ਵਾਲੇ

ਅਪਰਾਧੀਆਂ ਨੂੰ ਸਜ਼ਾ ਦੇਣ ਲਈ ਉਹ ਵਚਨਬੱਧ ਹਨ। ਸੰਸਦ ਵਿਚ ਅਪਣੇ ਭਾਸ਼ਣ ਦੌਰਾਨ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਅਗਲੇ 2-3 ਮਹੀਨਿਆਂ ਵਿਚ ਫਾਂਸੀ ਦੀ ਸਜ਼ਾ ਦਿਤੀ ਜਾਵੇਗੀ। ਸ਼੍ਰੀਲੰਕਾਂ 2016 ਵਿਚ ਮੌਤ ਦੀ ਸਜ਼ਾ ਤੇ ਪਾਬੰਦੀ ਲਗਾਉਣ ਵਾਲੇ ਸੰਯੁਕਤ ਰਾਸ਼ਟਰ ਮੈਂਬਰ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਸਿਰੀ ਨੇ ਇਹ ਫ਼ੈਸਲਾ ਲਿਆ।

ਜੇਲ੍ਹ ਕਮਿਸ਼ਨਰ ਧਨਾਸਿੰਧੇ ਨੇ ਕਿਹਾ ਕਿ ਜੱਲਾਦਾਂ ਦੇ ਨਵੇਂ ਅਹੁਦਿਆਂ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਪਿਛਲੇ ਜੱਲਾਦ ਨੇ ਨੌਕਰੀ ਛੱਡ ਦਿਤੀ ਹੈ। ਸ਼੍ਰੀਲੰਕਾ ਵਿਚ ਭਾਵੇਂ ਆਖਰੀ ਵਾਰ 1976 ਵਿਚ ਫਾਂਸੀ ਹੋਈ ਸੀ ਪਰ 2014 ਤੱਕ ਅਪਣੀ ਸੇਵਾਮੁਕਤੀ ਤੱਕ ਉਥੇ ਇਕ ਜੱਲਾਦ ਤੈਨਾਤ ਸੀ। ਨਿਆਂ ਮੰਤਰੀ ਥਲਾਤਾ ਅਤੁਕੋਰਲੇ ਨੇ ਕਿਹਾ ਸੀ ਕਿ ਉਹਨਾਂ ਦੇ ਮੰਤਰਾਲੇ ਨੇ

ਪਿਛਲੇ ਸਾਲ ਸਤੰਬਰ ਵਿਚ ਹੀ ਸਿਰੀਸੈਨਾ ਦੇ ਦਫ਼ਤਰ ਵਿਖੇ ਡਰੱਗ ਅਪਰਾਧੀਆਂ ਦੀ ਜਾਣਕਾਰੀ ਭੇਜ ਦਿਤੀ ਸੀ। ਉਹਨਾਂ ਕਿਹਾ ਕਿ 48 ਡਰੱਗ ਅਪਰਾਧੀ ਮੌਤ ਦੀ ਸਜ਼ਾਂ ਲਈ ਤਿਆਰ ਹਨ ਜਦਕਿ ਇਹਨਾਂ ਵਿਚੋਂ 30 ਨੇ ਸਜ਼ਾ ਵਿਰੁਧ ਅਪੀਲ ਕੀਤੀ ਹੈ। ਬਾਕੀ 18 ਨੂੰ ਜੇਕਰ ਰਾਸ਼ਟਰਪਤੀ ਚਾਹੁਣ ਤਾਂ ਫਾਂਸੀ ਦੀ ਸਜ਼ਾ ਦਿਤੀ ਜਾ ਸਕਦੀ ਹੈ।