ਭਾਰਤ ਦੀ ਆਬਾਦੀ 2010-19 ਦੌਰਾਨ 1.2 ਫ਼ੀ ਸਦੀ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਹੋਇਆ ਪ੍ਰਗਟਾਵਾ, 1.36 ਅਰਬ ਹੋ ਗਈ ਭਾਰਤ ਦੀ ਆਬਾਦੀ

India population

ਸੰਯੁਕਤ ਰਾਸ਼ਟਰ : ਭਾਰਤ ਦੀ ਆਬਾਦੀ ਸਾਲ 2010 ਤੋਂ 2019 ਵਿਚਾਲੇ 1.2 ਫ਼ੀ ਸਦੀ ਦੀ ਦਰ ਨਾਲ ਵੱਧ ਕੇ 1.36 ਅਰਬ ਹੋ ਗਈ ਹੈ ਜੋ ਚੀਨ ਦੀ ਸਾਲਾਨਾ ਵਾਧਾ ਦਰ ਦੇ ਮੁਕਾਬਲੇ ਦੁਗਣੀ ਹੈ। ਆਬਾਦੀ ਸਬੰਧੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਇਹ ਪ੍ਰਗਟਾਵਾ ਹੋਇਆ ਹੈ। ਭਾਰਤ ਦੀ ਆਬਾਦੀ ਸਾਲ 2019 ਵਿਚ 1.36 ਅਰਬ ਪਹੁੰਚ ਗਈ ਹੈ ਜੋ 1994 ਵਿਚ 94.22 ਅਤੇ 1969 ਵਿਚ 54.15 ਕਰੋੜ ਸੀ। ਵਿਸ਼ਵ ਦੀ ਆਬਾਦੀ 2019 ਵਿਚ ਵੱਧ ਕੇ 771.5 ਕਰੋੜ ਹੋ ਗਈ ਹੈ ਜੋ ਪਿਛਲੇ ਸਾਲ 763.3 ਕਰੋੜ ਸੀ।

ਸੰਯੁਕਤ ਰਾਸ਼ਟਰ ਦੀ ਸੈਕਸੁਅਲ ਐਂਡ ਰਿਪ੍ਰੋਡਕਟਿਵ ਕਮੇਟੀ ਨੇ ਸਟੇਟ ਆਫ਼ ਵਰਡਡ ਪਾਪੂਲੇਸ਼ਨ 2019 ਨਾਂ ਦੀ ਰਿਪੋਰਟ ਵਿਚ ਕਿਹਾ ਹੈ ਕਿ 2010 ਅਤੇ 2019 ਦੌਰਾਨ ਭਾਰਤ ਦੀ ਆਬਾਦੀ ਔਸਤਨ 1.2 ਫ਼ੀ ਸਦੀ ਨਾਲ ਵਧੀ ਹੈ। ਇਸ ਦੇ ਮੁਕਾਬਲੇ ਵਿਚ 2019 ਵਿਚ ਚੀਨ ਦੀ ਆਬਾਦੀ 1.42 ਅਰਬ ਪਹੁੰਚ ਗਈ ਹੈ ਜੋ 1994 ਵਿਚ 1.23 ਅਰਬ ਅਤੇ 1969 ਵਿਚ 80.36 ਕਰੋੜ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2010 ਅਤੇ 2019 ਦੌਰਾਨ ਚੀਨ ਦੀ ਆਬਾਦੀ 0.5 ਫ਼ੀ ਸਦੀ ਐਸਤਨ ਸਾਲਾਨਾ ਦਰ ਨਾਲ ਵਧੀ ਹੈ।

ਰਿਪੋਰਟ ਅਨੁਸਾਰ ਭਾਰਤ ਵਿਚ 1969 ਵਿਚ ਪ੍ਰਤੀ ਮਹਿਲਾ ਕੁਲ ਜਨਮ ਦਰ 5.6 ਫ਼ੀ ਸਦੀ ਜੋ 1994 ਵਿਚ 3.7 ਰਹਿ ਗਈ। 1969 ਵਿਚ ਜ਼ਿੰਦਗੀ ਦੀ ਉਮਰ ਲਗਭਗ 47 ਸਾਲ ਸੀ ਜੋ 1994 ਵਿਚ 60 ਸਾਲ ਅਤੇ 2019 ਵਿਚ 69 ਸਾਲੀ ਹੋ ਗਈ। ਵਿਸ਼ਵ ਦੀ ਔਸਤਨ ਜੀਵਨ ਦਰ 72 ਸਾਲ ਹੈ। ਰਿਪੋਰਟ ਵਿਚ 2019 ਵਿਚ ਭਾਰਤ ਦੀ ਆਬਾਦੀ ਦੇ ਵੇਰਵੇ ਸਬੰਧੀ ਇਕ ਗ੍ਰਾਫ਼ ਦਿਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀ 27-27 ਫ਼ੀ ਸਦੀ ਆਬਾਦੀ 0-14 ਸਾਲ ਅਤੇ 10-24 ਸਾਲ ਦੀ ਉਮਰ ਵਰਗ ਵਿਚ ਹੈ ਜਦਕਿ ਦੇਸ਼ ਦੀ 67 ਫ਼ੀ ਸਦੀ ਆਬਾਦੀ 15-65 ਸਾਲ ਉਮਰ ਵਰਗ ਦੀ ਹੈ।

ਦੇਸ਼ ਦੀ 6 ਫ਼ੀ ਸਦੀ ਆਬਾਦੀ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੀ ਹੈ। ਭਾਰਤ ਦੀ ਸਿਹਤ ਦੇਖਭਾਲ ਪ੍ਰਣਾਲੀ ਦੀ ਗੁਣਵੱਤਾ ਵਿਚ ਸੁਧਾਰ ਦੇ ਸੰਕੇਤ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਜਨਮ ਸਮੇਂ 1994 ਵਿਚ ਇਕ ਲੱਖ ਪਿੱਛੇ 488 ਬੱਚਿਆਂ ਦੀ ਮੌਤ ਹੁੰਦੀ ਸੀ ਜੋ ਸਾਲ 2015 ਵਿਚ ਘੱਟ ਕੇ 174 'ਤੇ ਆ ਗਈ।