ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਦੌਰਾਨ 100 ਤੋਂ ਵੱਧ ਕੈਦੀ ਫਰਾਰ, ਕਈ ਫੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਇੰਡੋਨੇਸ਼ੀਆਈ ਜੇਲ੍ਹ ਤੋਂ ਅੱਜ ਯਾਨੀ ਸ਼ਨੀਵਾਰ ਨੂੰ 100 ਤੋਂ ਜ਼ਿਆਦਾ...

Jail

ਜਕਾਰਤਾ: ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਇੰਡੋਨੇਸ਼ੀਆਈ ਜੇਲ੍ਹ ਤੋਂ ਅੱਜ ਯਾਨੀ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਕੈਦੀ ਫ਼ਰਾਰ ਹੋ ਗਏ। ਸੁਮਾਤਰਾ ਟਾਪੂ ‘ਤੇ ਸਿਆਕ ਜ਼ਿਲ੍ਹੇ ‘ਚ ਸਥਿਤ ਜੇਲ੍ਹ ਵਿਚ ਕੈਦੀ ਸਵੇਰੇ ਦੰਗੇ ਭੜਕਣ ਅਤੇ ਡਿਟੇਂਸ਼ਨ ਸੈਂਟਰ ਵਿੱਚ ਅੱਗ ਲੱਗਣ ਤੋਂ ਬਾਅਦ ਭੱਜਣ ‘ਚ ਕਾਮਯਾਬ ਰਹੇ। ਟੀਵੀ ਸਟੇਸ਼ਨਾਂ ‘ਤੇ ਫੁਟੇਜ ਵਿੱਚ ਅੱਗ ਦੀਆਂ ਲਪਟਾਂ ਤੋਂ ਬਾਅਦ ਕੈਦੀਆਂ ਨੂੰ ਭੱਜਦੇ ਹੋਏ ਸਾਫ਼ ਤੌਰ ‘ਤੇ ਵੇਖਿਆ ਗਿਆ ਹੈ।

ਰਿਆਉ ਰਾਜ ਦੇ ਪੁਲਿਸ ਪ੍ਰਮੁੱਖ ਵਿਡੋਡੋ ਏਕੋ ਪ੍ਰਹਸਤੋਪੋ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੈਮਾਨੇ ‘ਤੇ ਕੈਦੀਆਂ ਨੂੰ ਫੜਨਾ ਸ਼ੁਰੂ ਕੀਤਾ ਅਤੇ 115 ਕੈਦੀਆਂ ਨੂੰ ਕੁਝ ਦੇਰ ਬਾਅਦ ਫੜ ਲਿਆ ਗਿਆ ਪਰ ਦਰਜਨਾਂ ਹੁਣ ਵੀ ਫ਼ਰਾਰ ਹਨ, ਜਿਨ੍ਹਾਂ ਨੂੰ ਪੁਲਿਸ ਫੜ ਨਹੀਂ ਸਕੀ। ਹਸਤੋਪੋ ਨੇ ਕਿਹਾ ਕਿ ਫੌਜ ਅਤੇ ਆਸਪਾਸ ਦੇ ਸਮੂਹ ਦੀ ਸਹਾਇਤਾ ਨਾਲ ਪੁਲਿਸ ਹੁਣ ਵੀ ਬਾਕੀ ਕੈਦੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਕਰਮਚਾਰੀ ਜੇਲ੍ਹ ਵਿੱਚ ਕਈ ਕੈਦੀਆਂ ਨੂੰ ਕੁੱਟ ਰਹੇ ਸਨ, ਉਨ੍ਹਾਂ ਨੂੰ ਮੇਥਮ ਫੇਟਾਮਾਇਨ ਦਾ ਇਸਤੇਮਾਲ ਕਰਦੇ ਹੋਏ ਫੜਿਆ ਗਿਆ ਸੀ।

ਇਸ ਮਾਮਲੇ ਤੋਂ ਬਾਅਦ ਜੇਲ੍ਹ ‘ਚ ਦੰਗਾ ਭੜਕ ਗਿਆ। ਸਿਹਤ ਦਫ਼ਤਰ ਨੇ ਸਮਾਚਾਰ ਏਜੰਸੀ ਏਏਐਫਪੀ ਨੂੰ ਦੱਸਿਆ ਕਿ ਤਿੰਨ ਕੈਦੀ ਚਾਕੂ ਨਾਲ ਜਖਮੀ ਹੋਏ ਹਨ ਅਤੇ ਦੰਗੇ ਦੌਰਾਨ ਇੱਕ ਪੁਲਿਸ ਕਰਮਚਾਰੀ ਨੂੰ ਵੀ ਗੋਲੀ ਲੱਗੀ।  ਦੱਸ ਦਈਏ ਕਿ ਇੰਡੋਨੇਸ਼ੀਆ ‘ਚ ਜੇਲ੍ਹ ਤੋੜ ਕੇ ਫ਼ਰਾਰ ਹੋਣਾ ਇੱਕ ਤਰ੍ਹਾਂ ਨਾਲ ਆਮ ਗੱਲ ਹੈ।

ਖਾਸ ਕਰਕੇ ਕੈਦੀ ਉਨ੍ਹਾਂ ਜੇਲਾਂ ਤੋਂ ਤੁਰੰਤ ਫ਼ਰਾਰ ਹੋ ਜਾਂਦੇ ਹਨ, ਜਿੱਥੇ ਭੀੜਭਾੜ ਵਾਲੇ ਮਾਹੌਲ ‘ਚ ਉਨ੍ਹਾਂ ਨੂੰ ਗੰਦੇ ਤਰੀਕੇ ਨਾਲ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਇੱਕ ਜੇਲ੍ਹ ‘ਚੋਂ 2013 ‘ਚ ਲਗਭਗ 150 ਕੈਦੀ ਫ਼ਰਾਰ ਹੋ ਗਏ ਸਨ, ਉਨ੍ਹਾਂ ‘ਚੋਂ ਕਈ ਅਤਿਵਾਦੀ ਹਮਲਿਆਂ ਦੇ ਦੋਸ਼ੀ ਸਨ।