ਮਨੁੱਖੀ ਚਿਹਰੇ ਵਾਲੀ ਮੱਛੀ ਦੀ ਵੀਡੀਓ ਨਾਲ ਇੰਟਰਨੈੱਟ 'ਤੇ ਸਨਸਨੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਲਾਬ 'ਚ ਤੈਰਦੀ ਦਿਸ ਰਹੀ ਐ ਅਜ਼ੀਬ ਕਿਸਮ ਦੀ ਮੱਛੀ

Fish with 'human-like face' seen in Chinese village;

ਨਵੀਂ ਦਿੱਲੀ: ਕੁਦਰਤ ਬਹੁਤ ਹੀ ਵਿਸ਼ਾਲ ਹੈ। ਇਸ ਨੇ ਧਰਤੀ, ਹਵਾ ਅਤੇ ਪਾਣੀ ਵਿਚ ਰਹਿਣ ਵਾਲੇ ਪਤਾ ਨਹੀਂ ਕਿੰਨੇ ਕੁ ਜੀਵ-ਜੰਤੂ ਬਣਾਏ ਹਨ ਜੋ ਅਸੀਂ ਦੇਖੇ ਵੀ ਨਹੀਂ। ਇਨ੍ਹਾਂ ਵਿਚੋਂ ਕੁੱਝ ਜੀਵਾਂ ਨੂੰ ਦੇਖ ਕੇ ਕੁਦਰਤ ਦੇ ਕਾਰਨਾਮਿਆਂ ਤੋਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਹੁਣ ਇਕ ਅਜਿਹੀ ਮੱਛੀ ਦੀ ਵੀਡੀਓ ਸਾਹਮਣੇ ਆਈ ਹੈ ਜੋ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਫ਼ੈਲ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮੱਛੀ ਦਾ ਚਿਹਰਾ ਮਨੁੱਖੀ ਚਿਹਰੇ ਨਾਲ ਮੇਲ ਖਾਂਦਾ ਹੈ, ਜਿਸ ਕਰਕੇ ਹਰ ਕੋਈ ਇਸ ਮੱਛੀ ਨੂੰ ਦੇਖ ਕੇ ਹੈਰਾਨ ਹੋ ਰਿਹਾ ਹੈ।

ਇਸ ਮੱਛੀ ਨੂੰ ਚੀਨ 'ਚ ਇਕ ਪਿੰਡ ਦੇ ਤਲਾਬ ਵਿਚ ਤੈਰਦਿਆਂ ਵੇਖਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਹੈਰਾਨ ਕਰਨ ਵਾਲੀ ਮੱਛੀ ਦੀ ਵੀਡੀਓ ਬਣਾ ਲਈ ਅਤੇ ਇੰਟਰਨੈੱਟ 'ਤੇ ਅਪਲੋਡ ਕਰ ਦਿੱਤੀ। ਜਿਵੇਂ ਹੀ ਲੋਕਾਂ ਨੇ ਮਨੁੱਖੀ ਚਿਹਰੇ ਵਾਲੀ ਇਸ ਮੱਛੀ ਦੀ ਵੀਡੀਓ ਦੇਖੀ ਤਾਂ ਸਾਰੇ ਹੈਰਾਨ ਰਹਿ ਗਏ ਅਤੇ ਇਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ 'ਤੇ ਫੈਲ ਗਈ। ਮੀਡੀਆ ਰਿਪੋਰਟਾਂ ਅਨੁਸਾਰ ਲੋਕਾਂ ਵਿਚ ਇਸ ਮੱਛੀ ਨੂੰ ਦੇਖਣ ਲਈ ਉਤਸੁਕਤਾ ਇੰਨੀ ਜ਼ਿਆਦਾ ਵਧ ਗਈ ਕਿ ਕੁੱਝ ਘੰਟਿਆਂ ਦੇ ਅੰਦਰ ਹੀ ਅਜ਼ੀਬ ਕਿਸਮ ਦੀ ਮੱਛੀ ਦੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਅਤੇ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤਾ। ਲੋਕਾਂ ਵੱਲੋਂ ਇਸ ਵੀਡੀਓ 'ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਜਾ ਰਹੇ ਹਨ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਚੀਨ ਦੇ ਮਿਲਾਓ ਪਿੰਡ ਦੀ ਇੱਕ ਔਰਤ ਨੇ ਇਸ ਮੱਛੀ ਨੂੰ ਤਲਾਬ ਵਿੱਚ ਤੈਰਦੇ ਹੋਏ ਵੇਖਿਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਮੱਛੀ ਦੀ ਵੀਡੀਓ ਬਣਾ ਲਈ। ਔਰਤ ਨੇ ਸ਼ੁਰੂਆਤ ਵਿਚ ਇਸ ਵੀਡੀਓ ਨੂੰ ਚਾਇਨੀਜ਼ ਮਾਈਕਰੋ-ਬਲੌਗਿੰਗ ਸਾਈਟ ਵੀਬੋ 'ਤੇ ਸਾਂਝੀ ਕੀਤਾ ਪਰ ਵੇਖਦੇ ਹੀ ਵੇਖਦੇ ਇਹ ਕਈ ਹੋਰ ਸੋਸ਼ਲ ਸਾਈਟਾਂ 'ਤੇ ਵੀ ਚੱਲਣੀ ਸ਼ੁਰੂ ਹੋ ਗਈ।

34 ਸਕਿੰਟ ਦੀ ਇਸ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਮੱਛੀ ਦਾ ਚਿਹਰਾ ਮਨੁੱਖੀ ਚਿਹਰੇ ਵਰਗਾ ਦਿਖਾਈ ਦੇ ਰਿਹੈ, ਚਿਹਰੇ 'ਤੇ ਨੱਕ, ਦੋ ਅੱਖਾਂ, ਦੋ ਕੰਨ ਅਤੇ ਮੂੰਹ ਇੰਝ ਜਾਪ ਰਿਹੈ ਜਿਵੇਂ ਕੋਈ ਮਨੁੱਖੀ ਚਿਹਰਾ ਹੋਵੇ। ਉਂਝ ਚੀਨ ਵਿਚ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਮਨੁੱਖੀ ਚਿਹਰੇ ਵਾਲੇ ਜੀਵ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੋਵੇ। ਇਸ ਤੋਂ ਕੁੱਝ ਮਹੀਨੇ ਪਹਿਲਾਂ ਚੀਨ ਵਿਚ ਮਨੁੱਖੀ ਚਿਹਰੇ ਵਰਗੀ ਮੱਕੜੀ ਦਾ ਵੀਡੀਓ ਵੀ ਕਾਫ਼ੀ ਜ਼ਿਆਦਾ ਵਾਇਰਲ ਹੋਇਆ ਸੀ ਪਰ ਇਸ ਵੀਡੀਓ ਪਿਛਲੀ ਸੱਚਾਈ ਕੀ ਹੈ, ਫਿਲਹਾਲ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।